ਕਿੰਨਾ ਚੰਗਾ ਹੋਵੇ

ਕਿੰਨਾ ਚੰਗਾ ਹੋਵੇ

ਕਿ ਤੇਰੇ ਬੋਲ ਬੁੱਲ੍ਹਾਂ ਤੋਂ ਕਿਰਨ

ਤੇ ਹੋ ਜਾਣ ਮੇਰੇ ਬੁੱਲ੍ਹਾਂ ਦੇ

ਤੇਰੀਆਂ ਨਜ਼ਰਾਂ ਦਾ ਸਾਰਾ ਸੰਸਾਰ

ਸਾਹਾਂ 'ਚ ਘੁਲ ਜਾਵੇ

ਨਜ਼ਾਕਤ ਤੇ

ਨਖ਼ਰੇ ਵੀ ਹੋਣ ਤੇਰੇ

ਬਖ਼ਸ਼ ਦੇ ਮਹਿੰਦੀ ਦਾ ਰੰਗ ਉਤਾਰ ਕੇ

ਬਾਹਾਂ 'ਚ ਸਿਮਟ ਜਾ

ਅੰਗਾਂ ਦੀ ਮਚਲਦੀ ਮਸਤੀ ਲੈ ਕੇ

ਦੇ ਦੇ ਮੈਨੂੰ

ਮਹਿਕਾਂ ਮੁਸਕਰਾਹਟਾਂ ਫਿਰਦੀਆਂ ਝੱਲੀਆਂ ਇਕੱਲੀਆਂ

ਜਿਸਮ ਦੀਆਂ ਅਣਸੁੱਤੀਆਂ ਕਰਵਟਾਂ

ਹੁਣ ਕੀ ਕੰਮ ਤੇਰੇ

ਕੁਝ ਵੀ ਹੈ ਮੱਥੇ ਤੇਰੇ ਲਿਖਿਆ

ਮੈਂ ਨਜ਼ਮ ਬਨਾਉਣੀ ਹੈ

ਆਪਣੇ ਮੁੱਖ ਦੇ ਚੰਦ ਸਿਤਾਰੇ

ਮੇਰੇ ਕੋਰੇ ਸਫਿਆਂ 'ਤੇ ਰੱਖ ਦੇ

ਬੱਗੀਆਂ ਵੀਣੀਆਂ 'ਤੇ

ਨਹੀਂ ਛਣਕਦੀਆਂ ਵੰਗਾਂ ਵਿਯੋਗ 'ਚ

ਇਹਨਾਂ ਨੂੰ ਮੇਰੇ ਹੱਥਾਂ 'ਚ ਸਜਾ

ਝੋਲੀ 'ਚ ਇਕ ਰਹਿਮਤ ਜੇਹੀ ਪਾ ਦੇ

ਰੂਹਾਂ ਹਨ

ਮਰ ਜਾਣਗੀਆਂ ਰਹਿ ਰਹਿ 'ਕੱਲੀਆਂ

ਇਹਨਾਂ ਨੂੰ ਕਦੇ ਕੇ ਨੱਚਣਾਂ ਸਿਖਾ ਦੇ

ਰਾਹ ਨੇ ਵਿਚਾਰੇ ਰਾਹਗੀਰ ਲੱਭਦੇ ਨੇ

ਕਦੋਂ ਦੇ ਚੁੱਪਚਾਪ ਖੜ੍ਹੇ ਨੇ ਰੁੱਖ

ਉਦਾਸ ਪੱਤਿਆਂ ਨੂੰ ਪਲ ਭਰ ਹੱਸਣ ਲਾ ਦੇ

📝 ਸੋਧ ਲਈ ਭੇਜੋ