ਕਿੰਨਾ ਪਿਆਰ ਹੋ ਗਿਐ ਤੇਰੇ ਗ਼ਮਾਂ ਦੇ ਨਾਲ।
ਜਾਗਿਆ ਹਾਂ ਰਾਤ ਭਰ ਮੈਂ ਵੀ ਸ਼ਮ੍ਹਾਂ ਦੇ ਨਾਲ।
ਹੋਇਆ ਕੀ! ਰਾਤ ਨੇ ਸਿਆਹ ਕੀਤੀ ਦੁਮੇਲ ਜੇ,
ਰੰਗਾਂਗੇ ਰੌਸ਼ਨੀ ਦੀਆਂ ਫਿਰ ਸਰਗਮਾਂ ਦੇ ਨਾਲ।
ਗ਼ਮ ਦੇ ਤੂਫ਼ਾਨ ਓੜਕਾਂ ਦੀ ਪਰਖਦੇ ਵਫ਼ਾ,
ਜ਼ਿੰਦਾ ਨੇ ਪਰ ਮੁਹੱਬਤਾਂ ਤੇਰੇ ਦਮਾਂ ਦੇ ਨਾਲ।
ਤਾਰਾ ਜੇ ਤੇਰੇ ਨਾਮ ਦਾ ਤੋੜਾਂ ਮੈ ਅਰਸ਼ ਤੋਂ,
ਬੀਤੇਗੀ ਏਸ ਰਾਤ ਕੀ! ਫਿਰ ਕਹਿਕਸ਼ਾਂ ਦੇ ਨਾਲ।
ਦਿੱਲੀ, ਅਨੰਦਪੁਰ ਦੇ ਵਿਚ ਰਹਿੰਦੀ ਹੈ ਭਟਕਦੀ,
ਚਿੱਲੇ ਤੇ ਚਾੜ੍ਹੇ ਤੀਰ ਤੂੰ ਜਿਹੜੀ ਕਮਾਂ ਦੇ ਨਾਲ।