ਕਿੰਨੇ ਮਾਪੇ ਆਲ਼ ਦੁਆਲ਼ੇ ਮੂੰਹੋਂ ਆਖਣ

ਕਿੰਨੇ ਮਾਪੇ ਆਲ਼ ਦੁਆਲ਼ੇ ਮੂੰਹੋਂ ਆਖਣ ਲੱਗ ਪਏ ਨੇ 

ਡਾਢੇ ਦੁੱਖ ਨੇ ਧੀਆਂ ਵਾਲ਼ੇ ਮੂੰਹੋਂ ਆਖਣ ਲੱਗ ਪਏ ਨੇ 

ਗੂੰਗੇ ਲੋਕੋ ਹਿੰਮਤ ਕਰਕੇ ਹੁਣ ਤੇ ਸਾਨੂੰ ਖੋਲ੍ਹ ਦਿਓ 

ਸਾਡੀ ਜੀਭ ਨੂੰ ਲੱਗੇ ਤਾਲ਼ੇ ਮੂੰਹੋਂ ਆਖਣ ਲੱਗ ਪਏ ਨੇ

ਯਾਰ ਤੁਹਾਡੇ ਲੋਕ ਤੇ ਅੱਜ-ਕੱਲ੍ਹ ਸਾਡੇ ਤੋਂ ਵੀ ਜ਼ਹਿਰੀ ਹਨ 

ਖੱਪਰੇ ਸੱਪ ਤੇ ਫ਼ਨੀਅਰ ਕਾਲ਼ੇ ਮੂੰਹੋਂ ਆਖਣ ਲੱਗ ਪਏ ਨੇ 

ਸਾਨੂੰ ਕਿਸ ਦਿਨ ਮਾਫ਼ੀ ਮਿਲਣੀ ਸਾਨੂੰ ਕਿਸ ਦਿਨ ਲਾਹੋਗੇ 

ਜ਼ਿਹਨਾਂ ਉੱਤੇ ਲੱਗੇ ਜਾਲ਼ੇ ਮੂੰਹੋਂ ਆਖਣ ਲੱਗ ਪਏ ਨੇ

ਸਾਡੇ ਤੋਂ ਵੱਧ ਗਰਮੀ ਸਰਦੀ ਹੋ ਗਈ ਇਨਸਾਨਾਂ ਦੀ 

ਰੱਬ ਦੀ ਕਸਮੇਂ ਧੁੱਪਾਂ ਪਾਲ਼ੇ ਮੂੰਹੋਂ ਆਖਣ ਲੱਗ ਪਏ ਨੇ 

ਕੂਕਾਂ ਮਾਰ ਕੇ ਸ਼ਾਮਾਂ ਵੇਲ਼ੇ ਦੀਵੇ ਕਿੰਨੀਆਂ ਕਬਰਾਂ ਦੇ 

ਸਾਨੂੰ ਵੀ ਕੋਈ ਕੇ ਬਾਲ਼ੇ ਮੂੰਹੋਂ ਆਖਣ ਲੱਗ ਪਏ ਨੇ 

ਸਾਡੇ ਨਾਲ਼ ਵੈਰ ਕਿਉਂ ‘ਸੰਧੂ' ਸਾਰੇ ਬੱਦਲਾਂ ਨੂੰ 

ਕੱਚੀਆਂ ਛੱਤਾਂ ਤੇ ਪਰਨਾਲ਼ੇ ਮੂੰਹੋਂ ਆਖਣ ਲੱਗ ਪਏ ਨੇ

📝 ਸੋਧ ਲਈ ਭੇਜੋ