(ਤਲਵੰਡੀ ਪਿੰਡ ਦੀ ਇੱਕ ਮਾਈ ਦੀ ਵੇਦਨਾ)
ਕਿਸ ਚੋਟੀ 'ਤੇ ਪਰਚਣ ਲੱਗਾ
ਨਿੱਕਾ ਜਿਹਾ ਦਿਲ ਤੇਰਾ ?
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਕਿਸ ਵਾਦੀ ਵਿੱਚ ਫੜਦਾ ਰਹਿਨੈਂ
ਕੂੰਜਾਂ ਦੇ ਪਰਛਾਂਵੇਂ ?
ਐਸਾ ਕੀ ਪਰਬੋਧੀ ਹੋਇਆ
ਉੱਚਿਆਂ ਪਿੱਪਲਾਂ ਛਾਂਵੇਂ ?
ਕਿਸ ਟਿੱਲੇ 'ਤੇ ਅੱਗ ਧੁਖਾ ਲਈ
ਭੁੱਲ ਕੇ ਸਬਜ਼ ਬਨੇਰਾ ?
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਨਿਮਖ ਲਈ ਵੀ ਮਾਂ ਦਾ ਪੱਲੂ
ਛੱਡਿਆ ਨਾ ਸੀ ਕਰਦਾ
ਹੁਣ ਤੂੰ ਕੀਹਦੀਆਂ ਪੈੜਾਂ ਦੇ ਵਿੱਚ
ਪੈੜਾਂ ਬੀਬਾ ਧਰਦਾ ?
ਰਾਤ ਦਿਨੇ ਤੂੰ ਤੱਕਦਾ ਰਹਿਨੈਂ
ਕਿਸ ਮਲਕਾ ਦਾ ਚੇਹਰਾ ?
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਸੁਣਿਆ ਤੂੰ 'ਵਾਵਾਂ ਦੀ ਸਾਂ-ਸਾਂ
ਅੱਖਰਾਂ ਦੇ ਵਿੱਚ ਲਿੱਖਦੈਂ
ਸੁਣਿਆ ਤੂੰ ਮੋਰਾਂ ਦੇ ਕੋਲੋਂ
ਪੈਲਾਂ ਪਾਉਣਾ ਸਿੱਖਦੈਂ
ਇਹ ਵੀ ਸੁਣਿਆ ਭੀੜਾਂ ਵਿੱਚ
ਹੁਣ ਜੀ ਨੀਂ ਲਗਦਾ ਤੇਰਾ
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਕਹਿੰਦੇ ਨੇ ਕਿ ਦੋ ਡਿੰਘਾਂ ਵਿੱਚ
ਥਲ-ਗਿਰੀਆਂ ਲੰਘ ਜਾਨੈਂ
ਕਾਮਰੂਪ ਦੀਆਂ ਸੱਪਣੀਆਂ ਨੂੰ
ਸਹਿਜ ਕਥੇ ਡੰਗ ਜਾਨੈਂ
ਸਾਥ ਸੁਣੀਂਦੇ ਫੱਕਰ ਤੇਰੇ
ਗਲੀਏ ਗਲੀਏ ਫੇਰਾ
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਜਦ ਤੇਰੇ ਵਾਕਾਂ ਦੀ ਮਿੱਠਤ
ਸਮਿਆਂ ਨੂੰ ਚੜ੍ਹ ਜਾਂਦੀ
ਰੁਲ਼ਦੀ ਫਿਰਦੀ ਮਾਨਵਤਾ ਦੇ
ਮਸਤਕ ਨੂੰ ਲੜ ਜਾਂਦੀ
ਕਿੰਨਾ ਵੱਡਾ ਹੋ ਗਿਆ ਤੇਰੀ
ਤਲਵੰਡੀ ਦਾ ਘੇਰਾ
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਮੈਂ ਤੇ ਤੇਰੀ ਮਾਂ ਨੇ ਤੇਰੇ
ਪੋਤੜਿਆਂ ਨੂੰ ਧੋਇਆ
ਛੋਹਰ ਜਿਹਾ ਹੁੰਦਾ ਸੀ ਬੀਬਾ
ਪੀਰ ਬਰੋਬਰ ਹੋਇਆ
ਰੋਹੀ ਵੱਲੇ ਭੱਜ ਗਿਆ ਸੀ
ਰੁੱਸ ਕੇ ਮੈਥੋਂ 'ਕੇਰਾਂ
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਕੀ ਹੁੰਦੇ ਇਹ ਚੰਨ-ਸਿਤਾਰੇ
ਕੀਕਣ ਜੜੇ ਆਕਾਸ਼ੀਂ ?
ਕਿਉਂਕਰ ਬੰਦਾ ਦਿਨ ਤੇ ਰਾਤੀਂ
ਪਿਆ ਸੰਵਾਰੇ ਰਾਸ਼ੀ ?
ਕਾਹਤੋਂ ਵਗਦੀ 'ਵਾ ਨਾ ਦਿਸਦੀ
ਕੀ ਹੁੰਦਾ ਹੈ ਨ੍ਹੇਰਾ ?
ਕਿਉ ਘਰ ਨੀ ਮੁੜਦਾ ਸ਼ੇਰਾ ?
ਕਿਸ ਚੋਟੀ 'ਤੇ ਪਰਚਣ ਲੱਗਾ
ਨਿੱਕਾ ਜਿਹਾ ਦਿਲ ਤੇਰਾ ?
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?