ਸਾਰਾ ਜਗ ਨਾਰਾਜ਼ ਹੈ ਹੋਇਆ,
ਤੂੰ ਵੀ ਕਿਓਂ ਹੈ ਬੂਹਾ ਢੋਇਆ।
ਸੱਚੀ ਗੱਲ ਜਦੋਂ ਕੋਈ ਕਹਿੰਦੈ,
ਹੋ ਜਾਂਦੈ ਜਗ ਲਾਖਾ ਲੌਹਿਆ।
ਲੋਕ ਤਾਂ ਮੇਰੇ ਨੁਕਸ ਹੀ ਲੱਭਦੇ,
ਤੂੰ ਮੇਰਾ ਹਰ ਦੋਸ਼ ਲਕੋਇਆ।
ਸਾਡੇ ਪਿਆਰ ਦੇ ਵਿੱਚ ਜਮਾਨੇ,
ਤਿੱਖਾ ਸੂਆ ਇੱਕ ਚੁਭੋਇਆ।
ਕਿਸੇ ਦੀ ਮੈਂ ਪਰਵਾਹ ਨਹੀਂ ਕੀਤੀ,
ਜਿੱਤ ਦਾ ਨਾਦ ਸਦਾ ਮੈਂ ਛੋਹਿਆ।
ਦੁਨੀਆ ਕਹੇ ਵਡੇਰਾ ਹੋਇਐ,
ਮੇਰਾ ਮੱਚ ਅਜੇ ਨਹੀਂ ਮੋਇਆ।
ਦਿਲ ਦੀਆਂ ਗੱਲਾਂ ਗਜ਼ਲਾਂ ਬਣੀਆਂ,
ਕੈਸਾ ਇਹ ਗੁਲਦਸਤਾ ਸੋਹਿਆ।
ਤੁਧ ਬਿਨ ਚੰਗਾ ਕੋਈ ਨ ਲੱਗਾ,
ਐਸਾ ਤੂੰ 'ਅਮਰੀਕ' ਨੂੰ ਮੋਹਿਆ।