ਕਿਉਂ ਲੱਗਦਾ ਹੈ
ਕਿ ਕਦੇ ਨਹੀ ਬਦਲੇਂਗੀ ਤੂੰ
ਹਾਲਾਂ ਕਿ ਮੈਂ ਜਾਣਦਾ ਹਾਂ
ਦੁਨੀਆਂ ਵਿੱਚ
ਕੁਝ ਵੀ ਸਥਿਰ ਨਹੀਂ
ਮੈਂ ਹੁਣ ਤੱਕ ਸੈਂਕੜੇ ਵਸਤਾਂ
ਸੈਂਕੜੇ ਸਬੰਧਾਂ, ਸਥਿਤੀਆਂ ਨੂੰ
ਬਦਲਦਿਆਂ ਤੱਕਿਆ ਹੈ
ਦਿਨਾਂ ਨੂੰ ਰਾਤਾਂ ਵਿਚ
ਤਬਦੀਲ ਹੁੰਦੇ ਵੇਖਿਆ
ਛਾਂ ਨੂੰ ਧੁੱਪ ਵਿੱਚ
ਸ਼ੁਹਰਤ ਨੂੰ ਬਦਨਾਮੀ ਵਿੱਚ
ਪਿਆਰ ਨੂੰ ਅੰਤਾਂ ਦੀ ਨਫ਼ਰਤ ਵਿੱਚ
ਪ੍ਰਵਰਤਿਤ ਹੁੰਦੇ ਵੇਖਿਆ ਹੈ
ਹਰ ਚੀਜ਼ ਬਦਲਦੀ ਤੱਕੀ ਮੈਂ
ਹਰ ਚੀਜ਼ ਉਲਟਦੀ ਵੇਖੀ ਹੈ
ਜਾਣਦਾ ਹਾਂ
ਏਥੇ ਕੁਝ ਵੀ ਸਥਿਰ ਨਹੀਂ
ਪਰ ਤੂੰ ਮਿਲੀ ਹੈਂ
ਤਾਂ ਇੱਕ ਵਾਰ ਫਿਰ
ਇਵੇਂ ਲੱਗਦਾ ਹੈ
ਕਿ ਕਦੇ ਨਹੀਂ ਬਦਲੇਂਗੀ ਤੂੰ
ਇਸੇ ਤਰ੍ਹਾਂ ਰਹੇਂਗੀ ਸਦਾ
ਮੁਹੱਬਤ ਨਾਲ ਭਰੀ ਹੋਈ .....