ਕਿਉਂ ਨਾ ਕਰੀਏ ਤਬਸਰੇ

ਕਿਉਂ ਨਾ ਕਰੀਏ ਤਬਸਰੇ ਇਸ ਤੋਤਾ-ਚਸ਼ਮ ਨਿਜ਼ਾਮ ‘ਤੇ। 

ਜ਼ਹਿਰ  ਹੀ  ਦਿੰਦਾ  ਹੈ  ਜਿਹੜਾ  ਜ਼ਿੰਦਗੀ  ਦੇ  ਨਾਮ  ‘ਤੇ। 

ਲੰਘ   ਜਾਂਦੇ   ਹਾਕਮਾਂ ਦੇ   ਰੱਥ  ਹਵਾ   ਨੂੰ   ਚੀਰਦੇ,

ਰਸਤਿਆਂ ਦੀ ਧੂੜ ਉੱਡ ਕੇ ਪੈਂਦੀ   ਕੁੱਲ  ਅਵਾਮ ‘ਤੇ। 

ਤੁਰ ਪਈ ਛੁਪ ਕੇ ਸਿਆਸਤ ਦੀ ਚਿੰਗਾਰੀ ਨਾਲ ਹੀ,

ਜਾ ਰਿਹਾ ਸੀ ਕਾਫ਼ਲਾ ਰੰਗਾਂ ਦਾ ਪਾਵਨ ਧਾਮ ‘ਤੇ। 

ਖ਼ੁਦਕੁਸ਼ੀ ਵਿਚ ਬਦਲ ਦਿੰਦੇ  ਹੱਤਿਆ ਦਾ ਮਾਮਲਾ,

ਆਂਚ ਨਾ ਆਉਂਦੀ ਕੋਈ ਜਰਵਾਣਿਆਂ ਦੇ ਨਾਮ ‘ਤੇ। 

ਖੌਫ਼ ਹਿੰਸਾ ਬੇਬਸੀ ਦੀ ਰਾਤ ਗੂੜ੍ਹੀ ਹੋ ਗਈ ,

ਨ੍ਹੇਰਿਆਂ ਦਾ ਹੁਕਮ ਹੈ ਦੀਵੇ ਜਗਾਉ ਬਾਮ ‘ਤੇ। 

ਚੁਗਦੇ ਨੇ ਉਹੀ ਜਲਾਵਤਨੀ ਦੇ ਕੰਡੇ ਦਰ-ਬ-ਦਰ,

ਡੋਲ੍ਹ ਦਿੰਦੇ ਰੱਤ ਆਪਣੀ ਜੋ ਵਤਨ ਦੇ ਨਾਮ ਤੇ। 

📝 ਸੋਧ ਲਈ ਭੇਜੋ