ਕਿਰਚੀ ਕਿਰਚੀ ਲੈ ਕੇ ਦਿਲ ਦੀ ਪਾਰਾ

ਕਿਰਚੀ ਕਿਰਚੀ ਲੈ ਕੇ ਦਿਲ ਦੀ ਪਾਰਾ ਪਾਰਾ ਖੇਡੇ 

ਰਾਤੀਂ ਮੇਰੀ ਅੱਖ ਤੇ ਮੈਂ ਸਾਂ ਤਾਰਾ ਤਾਰਾ ਖੇਡੇ

ਮੈਂ ਭਰਵਾਸੇ ਤੇ ਭਰਵਾਸਾ ਉਹ ਧੋਖੇ ਤੇ ਧੋਖਾ 

ਜਿਹੜਾ ਜਿਹੜਾ ਰੰਗ ਸੀ ਦੋਵੇਂ ਸਾਰਾ ਸਾਰਾ ਖੇਡੇ 

ਕਈ ਵਾਰੀ ਨੇ ਹੋਈਆਂ ਇੱਥੇ ਇੰਜ ਦੀਆਂ ਵੀ ਖੇਡਾਂ 

ਕਸਮਾਂ ਖਾ ਖਾ ਕੇ ਵੀ ਲੋਕੀਂ ਲਾਰਾ ਲਾਰਾ ਖੇਡੇ

ਕੁਝ ਵੀ ਹੁੰਦਾ ਜ਼ਹਿਰਾਂ ਹੱਥੋਂ ਹਰਨਾ ਨਈਂ ਸੀ ਖੰਡਾਂ

ਦੋਵੇਂ ਘਰ ਨਾ ਜੇਕਰ ਹੁੰਦੇ ਖਾਰਾ ਖਾਰਾ ਖੇਡੇ

ਪੈਰਾਂ ਉੱਤੇ ਥੱਪੇ ਘਰ ਨਈਂ ਅੱਖਾਂ ਵਿਚੋਂ ਨਿਕਲ਼ੇ 

ਮਿੱਟੀਓ ਮਿੱਟੀ ਹੋ ਕੇ ਜਿੱਥੇ ਗਾਰਾ ਗਾਰਾ ਖੇਡੇ 

ਉੱਥੇ ਮੁੜਕੇ ਪੈਰ ਪੈਰ ਤੇ ਖੇਡ ਦੀਆਂ ਨੇ ਧੁੱਪਾਂ 

ਜਿਹੜੇ ਪਿੰਡ ਵਿਚ ਰੁੱਖਾਂ ਉੱਤੇ ਆਰਾ ਆਰਾ ਖੇਡੇ

ਆਉਂਦਾ ਆਉਂਦਾ ਜਾਂਦਾ ਇੱਕ ਦਿਨ ਖੇਡਾਂ ਥੱਲੇ 

‘ਸੰਧੂ’ ਬੰਦਾ ਜਦ ਵਜੂਦੋਂ ਭਾਰਾ ਭਾਰਾ ਖੇਡੇ

📝 ਸੋਧ ਲਈ ਭੇਜੋ