ਕਿਸ ਸ਼ਹਿਰ ਦੇ ਵਿਚ ਆ ਗਈ ਉੱਡ ਕੇ ਹੈ ਅੰਦਲੀਬ।
ਪਿੱਛੇ ਹੈ ਕਫ਼ਸ ਝੂਲਦਾ ਅੱਗੇ ਖੜੀ ਸਲੀਬ।
ਜੰਗਲ ਤਮਾਮ ਸੜ ਰਿਹੈ ਤੱਤੀ ਹਵਾ ਦੇ ਨਾਲ,
ਕਿਸ ਸ਼ਾਖ ਉੱਤੇ ਬਹਿਣਗੇ ਪੰਛੀ ਮਿਰੇ ਨਸੀਬ।
ਮੰਗੇਂ ਜੇ ਸਿਰ ਤਾਂ ਪੇਸ਼ ਕਰਨਗੇ ਤਲੀ ਤੇ ਧਰ,
ਇਸ ਦੇਸ਼ ਦੇ ਲੋਕੀਂ ਕਿਵੇਂ ਨੇ ਫਿਰ ਤਿਰੇ ਰਕੀਬ?
ਹੁੰਦਾ ਜੇ ਰੋਗ ਤਾਂ ਕੁਈ ਕਰਦੇ ਇਲਾਜ ਵੀ,
ਇਸ ਬੇ-ਕਰਾਰੀ ਦਾ ਨਹੀਂ ਲੱਭਦਾ ਕਿਤੋਂ ਤਬੀਬ।
ਰੌਸ਼ਨ ਹੈ ਉਫ਼ਕ ਹੋ ਰਿਹਾ, ਮਹਿਕੇ ਨੇ ਬਾਗ ਵਣ,
ਕਿਸਦਾ ਖ਼ਿਆਲ ਆ ਰਿਹਾ, ਦਿਲ ਦੇ ਮਿਰੇ ਕਰੀਬ।
‘ਅਜਮੇਰ’ ਤੇਰੇ ਨਾਲ ਹੀ ਖਾਮੋਸ਼ ਹੋ ਗਿਆ,
ਇਹ ਸ਼ਹਿਰ ਵੀ ਤੇਰੀ ਤਰ੍ਹਾਂ ! ਕਿੰਨਾ ਹੈ ਬਦ-ਨਸੀਬ।