ਕਿਸ 'ਤੇ ਹੈ ਇਤਬਾਰ ਜ਼ਮਾਨਾ ਬਦਲ ਗਿਆ

ਕਿਸ 'ਤੇ ਹੈ ਇਤਬਾਰ ਜ਼ਮਾਨਾ ਬਦਲ ਗਿਆ। 

ਭਲੀ ਕਰੇ ਕਰਤਾਰ ਜ਼ਮਾਨਾ ਬਦਲ ਗਿਆ। 

ਵੱਖੋ- ਵੱਖਰਾ ਘਰ ਹੈ ਬਣਿਆ ਹਰ ਕਮਰਾ, 

ਟੁੱਟੇ ਘਰ- ਪਰਿਵਾਰ ਜ਼ਮਾਨਾ ਬਦਲ ਗਿਆ। 

ਖ਼ੌਫ਼ ਨਹੀਂ ਸੀ ਗੈਰਾਂ ਦੇ ਹੱਥ ਚੱਪੂ ਹੈ, 

ਡੋਬਣ ਹੁਣ ਪਤਵਾਰ ਜਮਾਨਾ ਬਦਲ ਗਿਆ। 

ਹਿੱਕਾਂ ਦੇ ਵਿਚ ਆਹਾਂ ਮੂੰਹ 'ਤੇ ਤਾਲੇ ਨੇ,

ਲੋਕਾਂ ਦੀ ਸਰਕਾਰ ਜ਼ਮਾਨਾ ਬਦਲ ਗਿਆ। 

ਖ਼ਬਰਾਂ ਪੜ੍ਹਨੇ ਸੁਣਨੇ ਨੂੰ ਦਿਲ ਕਰਦਾ ਨਹੀਂ, 

ਲਹੂ-ਭਿੱਜੇ ਅਖ਼ਬਾਰ ਜ਼ਮਾਨਾ ਬਦਲ ਗਿਆ। 

ਜਿੰਨ੍ਹਾਂ ਮਾਰਿਆ ਪਹੁੰਚੇ ਉਸ ਦੀ ਮਰਗ ਉੱਤੇ,

ਬੈਠੇ ਢੁੱਕ ਵਿਚਕਾਰ ਜ਼ਮਾਨਾ ਬਦਲ ਗਿਆ। 

ਗਾਉਣ ਮਸ਼ੀਨਾਂ ਸਦਕਾ ਹਿੱਕ ਵਿੱਚ ਜ਼ੋਰ ਨਹੀਂ, 

ਕੀ ਬਣ ਗਏ ਫ਼ਨਕਾਰ ਜ਼ਮਾਨਾ ਬਦਲ ਗਿਆ। 

ਮਾਪੇ ਭਟਕਣ ਬਾਹਰ ਤਾਂ ਐਸੇ ਪੁੱਤਾਂ 'ਤੇ, 

ਲੱਖ ਲਾਹਨਤ, ਫ਼ਿਟਕਾਰ ਜ਼ਮਾਨਾ ਬਦਲ ਗਿਆ। 

ਜਿੰਨ੍ਹਾਂ ਹੱਥਾਂ ਵਿਚ ਸੀ ' ਓਠੀ' ਫੁੱਲ ਕਦੇ, 

ਉਹਨਾਂ ਹੱਥ ਤਲਵਾਰ ਜ਼ਮਾਨਾ ਬਦਲ ਗਿਆ।

📝 ਸੋਧ ਲਈ ਭੇਜੋ