ਤੁਸੀਂ ਕਰੋ
ਤਖ਼ਤ ਪਲਟਣ ਦੀਆਂ ਗੱਲਾਂ
ਤੁਹਾਡੀ ਸੋਚ ਵਿੱਚ ਸੁਲਗਦਾ ਹੋਏਗਾ
ਕੱਲ ਨੂੰ ਲਿਖਿਆ ਜਾਣ ਵਾਲਾ
ਅੱਜ ਦਾ ਇਤਿਹਾਸ,
ਸਿੱਧ ਕਰਨਾ ਹੋਏਗਾ ਤੁਸੀਂ
ਨਾਇਕ ਤੇ ਖਲਨਾਇਕ ਦਾ ਰੁਤਬਾ।
ਸਾਡੀ ਤੇ ਤੁਹਾਡੀ ਤਾਂ ਕੋਈ
ਤੁਲਨਾ ਹੀ ਨਹੀਂ ਹੈ।
ਤਖ਼ਤੋ ਤਾਜ ਦੇ ਦਾਅਵੇਦਾਰ ਤੁਸੀਂ
ਤੇ ਅਸੀ ਉਹ -
ਜਿਹਨਾਂ ਅੰਨ ਬੀਜਿਆ
ਵਾਹਿਆ
ਗਾਹਿਆ
ਪਰ ਰੱਜ ਕੇ ਖਾਇਆ ਨਹੀਂ।
ਮਰ ਵੀ ਜਾਂਦੇ ਹਾਂ ਜੇ ਅਸੀਂ
ਵਕਤ ਸਿਰ ਚੜ੍ਹ ਕੇ
ਤਾਂ ਵੀ ਕਾਇਰ ਹੀ ਕਹਾਉਂਦੇ ਹਾਂ।
ਇੱਕ ਲੱਖ ਚੁਰਾਸੀ ਹਜ਼ਾਰ ਭੋਗ ਕੇ ਮਿਲੀ
‘ਜੂਨ ਐਨੀ ਸਸਤੀ ਹੈ ਕਿ-
ਮਰ ਕੇ ਕਰਜ਼ੇ ਦੀ ਇੱਕ ਕਿਸ਼ਤ ਨਹੀ ਘਟਦੀ,
ਸਾਥੋਂ ਤਾਂ ਚਿਤਰਗੁਪਤ ਅੱਗੇ ਵੀ ਲੇਖਾ ਨਹੀਂ ਦੇ ਹੋਣਾ
ਕਿਉਂਕਿ ਬੋਲ ਤਾਂ ਸਾਡੇ ਕੋਲ ਹੈ ਹੀ ਨਹੀਂ ਬੋਲਣ ਜੋਗੇ
ਕੇਵਲ ਹੁੰਗਾਰਾ ਹੈ -
ਉੜਾਂ-ਥੁੜਾਂ ਅੱਗੇ ਭਰਨ ਲਈ।
ਭਲਿਓ ਮਾਨਸੋ !
ਉਹੀ ਹਾਂ ਅਸੀਂ-ਅੰਨ ਉਗਾਉਣ ਵਾਲੇ
ਉਹ ਅੰਨ ਜਿਸਨੂੰ ਤੁਸੀਂ ਅੰਨ-ਪਰਮੇਸ਼ਵਰ ਆਖਦੇ ਹੋ।
ਉਹੀ ਹਾਂ ਅਸੀਂ -
ਸਬਰ ਸੰਤੋਖ ਦੀ ਰੁੱਖੀ-ਮਿੱਸੀ ਖਾਣ ਵਾਲੇ ।
ਮਿੱਟੀ ਸੰਗ ਮਿੱਟੀ ਹੋਣ ਵਾਲੇ ।
ਹਰੀ-ਕ੍ਰਾਂਤੀ ਦਾ ਬਾਹਵਾਂ ਖੋਲ੍ਹ
ਸਵਾਗਤ ਕਰਨ ਵਾਲੇ
ਕੁਦਰਤ ਦੀ ਹਰ ਮਾਰ ਨੂੰ ਜਰਨ ਵਾਲੇ।
ਆੜ੍ਹਤਾਂ ਦੀ ਹੁੰਮ ਨਾਲ ਲੜਨ ਵਾਲੇ।
ਪਾਟੀਆਂ ਬਿਆਈਆਂ ‘ਚ ਮੋਮ ਭਰਨ ਵਾਲੇ ।
ਪੱਕੀ ਫ਼ਸਲ ਨੂੰ ਡਰਨੇ ਸਹਾਰੇ ਛੱਡਣ ਵਾਲੇ ।
ਚਾਅ ਪੂਰਨ ਲਈ ਹਾੜ੍ਹੀ ਸਾਉਣੀ ਦੇ ਤਰਲੇ ਕੱਢਣ ਵਾਲੇ।
ਹੁਣ ਐਨੇ ਨਿਹੱਥੇ ਹੋ ਗਏ ਹਾਂ
ਕਿ ਬੈਂਕਾਂ ਦੇ ਮਕੜ-ਜਾਲ ਵਿਚੋਂ ਹੀ
ਨਿਕਲ ਨਹੀਂ ਪਾਉਂਦੇ।
ਹੁਣ ਐਨੇ ਨਿਭਾਗੇ ਹੋ ਗਏ ਹਾਂ
ਕਿ ਖੇਤਾਂ ਵਿੱਚ ਅੰਨ ਬੀਜਦੇ ਹਾਂ
ਤਾਂ ਖ਼ੁਦਕੁਸ਼ੀਆਂ ਉੱਗ ਆਉਂਦੀਆਂ ਨੇ।
ਅਜਿਹੇ ਸਮਿਆਂ 'ਚ
ਜਦੋਂ ਸਾਡੀ ਬਾਂਹ ਕੋਈ ਨਹੀਂ ਫੜਦਾ
ਤਾਂ ਕੰਮ ਆਉਂਦੇ ਨੇ
ਸਾਡੇ ਹੀ ਸਿਰਾਂ ਦੇ ਸਾਫੇ
ਹੱਥੀਂ ਵੱਟੇ ਵਾਣ ਦੇ ਰੱਸੇ
ਤੇ ਸਲਫ਼ਾਸ ਦੀਆਂ ਅੱਧੀਆਂ-ਪੌਣੀਆਂ ਸ਼ੀਸ਼ੀਆਂ।
ਪਰ ਮਰ ਕੇ ਵੀ
ਕਦੇ ਇਤਿਹਾਸ ਨਹੀਂ ਬਣ ਪਾਉਂਦੇ
ਅਖਬਾਰ ਦੀ ਖ਼ਬਰ ਹੀ ਬਣਦੇ ਹਾਂ ਬੱਸ।
ਹਾਰੇ ਪਏ ਹਾਂ ਹਾਲਾਤਾਂ ਅੱਗੇ
ਪਰ ਅਣਜਾਣ ਨਹੀਂ ਹਾਂ
ਜਾਣਦੇ ਹਾਂ ਐਨਾ ਕੁ ਤਾਂ–ਕਿ
“ਜੇਤੂਆਂ ਦੇ ਦਰਬਾਰ ਵਿੱਚ ਬੈਠ ਕੇ ਲਿਖੇ ਜਾਂਦੇ ਨੇ
ਇਤਿਹਾਸ"
ਤੇ ਜੇਤੂਆਂ ਦੀ ਕਤਾਰ ਵਿੱਚ ਕਿੱਥੇ ਖੜੋਣ ਦਿੰਦੇ ਨੇ
ਸਾਨੂੰ ਸਾਡੇ ਲੇਖ।