ਕਿਸੇ ਦੀ ਭਾਲ ਹੈ ਪਰ ਆਪ ਨੂੰ ਗੁੰਮ ਜਾਣ ਦਾ ਡਰ ਹੈ ।
ਥਲਾਂ ਵਿਚ ਪੈੜ ਦੀ ਉਮਰਾ ਹਨੇਰੀ ਆਉਣ ਤੀਕਰ ਹੈ।
ਉਮਰ ਭਰ ਜ਼ਿੰਦਗੀ ਦੀ ਭਾਲ ਕਰਦਾ ਮਰ ਗਿਆ ਕੋਈ,
ਤੇ ਆਖ਼ਰ ਕਹਿ ਗਿਐ ਇਸ ਜੀਣ ਤੋਂ ਮਰ ਜਾਣਾ ਬਿਹਤਰ ਹੈ ।
ਸਮੇਂ ਨੇ ਇਸ ਤਰ੍ਹਾਂ ਵਿਸ਼ਵਾਸ ਮੇਰਾ ਕੁਚਲਿਆ ਯਾਰੋ,
ਕਿ ਹੁਣ ਆਪਣਾ ਪਰਾਇਆ ਜਾਪਦਾ ਇਕੋ ਬਰਾਬਰ ਹੈ।
ਕਿਸੇ ਵੀ ਹਰਫ਼ ਦੀ ਆਵਾਜ਼ ਪਹਿਚਾਣੀ ਨਹੀਂ ਜਾਂਦੀ,
ਬੜੇ ਹੀ ਅਜਨਬੀ ਚਿਹਰੇ, ਬੜਾ ਹੀ ਓਪਰਾ ਘਰ ਹੈ।
ਕਿਵੇਂ ਉੱਗਣ ਭਲਾ ਹਮਦਰਦੀਆਂ ਉਨ੍ਹਾਂ ਦੇ ਦਿਲ ਅੰਦਰ,
ਜਿਨ੍ਹਾਂ ਦੀ ਸੋਚ ਪੱਥਰ ਹੈ ਅਤੇ ਅਹਿਸਾਸ ਬੰਜਰ ਹੈ।