ਤੇਰੇ ਵਾਂਗ ਹਵਾ ਵਿਚ ਵਲ ਪੈਂਦੇ
ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ
ਜਦ ਤੇਰਾ ਹਵਾ ਨੂੰ ਨਾਂ ਦੱਸੀਏ
ਉਹਦੀ ਗੋਦੀ ਤਰੇਲ ਦੇ ਫਲ ਪੈਂਦੇ
ਤੈਨੂੰ ਢੱਕੀ ਦੇ ਵਿਚ ਭਾਲਣ ਲਈ,
ਅਸੀਂ ਨਾਲ ਸ਼ੈਦਾਈਆਂ ਰਲ ਪੈਂਦੇ
ਤਿਰੀ ਸੂਰਤ ਸਾਡੇ ਨੈਣੀਂ ਤਕ
ਲੁਕ ਫੁੱਲਾਂ ਥੱਲੇ ਥਲ ਪੈਂਦੇ
ਸਾਡੇ ਸਬਰ-ਹੁਸਨ ਦੀ ਕਾਂਗ ਚੜ੍ਹੀ
ਲੱਖ ਢਾਬਾਂ ਦੇ ਕੰਬ ਜਲ ਪੈਂਦੇ
ਅਸੀਂ ਨੇਰ੍ਹਾਂ ਨੂੰ ਮਚਕੋੜਦੇ ਹਾਂ
ਜਦ ਰੂਪ ਤੇਰੇ ਦੇ ਛਲ ਪੈਂਦੇ
ਜਦ ਰਾਹ ਨ ਸਾਨੂੰ ਲਭਦਾ ਕੁਈ
ਤਦ ਸੀਨੇ ਸਾਡੇ ਸੱਲ ਪੈਂਦੇ
ਸਾਡੀ ਖੇਡ ਨੂੰ ਚਾਲੂ ਰੱਖਣ ਲਈ
ਤੇਰੇ ਦੀਵੇ ਅੰਬਰੀਂ ਬਲ ਪੈਂਦੇ
ਤੇਰੇ ਵਾਂਗ ਹਵਾ ਵਿਚ ਵਲ ਪੈਂਦੇ
ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ