ਕਿਸੇ ਨਾ ਦੀਪ ਜਗਾਏ

ਕਿਸੇ ਨਾ ਦੀਪ ਜਗਾਏ

ਰਹੇ ਹਨੇਰੇ ਰਸਤੇ ਮੇਰੇ

ਕਿਸੇ ਨਾ ਦੀਪ ਜਗਾਏ,

ਬੁਝ ਬੁਝ ਜਾਂਦੇ ਨੈਣ ਸ਼ਮ੍ਹਾਂ ਦੇ

ਪਰਵਾਨਾ ਨਾ ਆਏ

ਮੈਂ ਲੋਚਾਂ ਦੋ ਨੈਣ ਚਮਕਦੇ

ਤਾਰਿਆਂ ਦੇ ਹਮਸਾਏ,

ਚਾਨਣ ਦਾ ਮੀਂਹ ਸ਼ਾਹਰਾਹਾਂ ਤੇ

ਕਿਰਨ ਕਿਰਨ ਹੋ ਜਾਏ

ਪਰ ਅਜੇ ਤਾਂ ਬੱਦਲੀ ਦੀ ਛਾਂ

ਰਸਤਾ ਭੁੱਲ ਭੁੱਲ ਜਾਏ

ਬਰਸ ਬਰਸ ਬਰਸਾਤਾਂ ਥੱਕੀਆਂ

ਇੱਕ ਵੀ ਫੁੱਲ ਨਾ ਖਿੜਿਆ,

ਝੜ ਲੱਗਦੀ ਮੇਰੀ ਜਿੰਦੜੀ ਠਰਦੀ

ਦਿਲ ਦਾ ਨਿੱਘ ਵਿਛੜਿਆ,

ਕੁਆਰੇ ਕੁਆਰੇ ਸ਼ਾਹ ਬੱਦਲਾਂ ਦੇ

ਠੰਡੇ ਠੰਡੇ ਸਾਏ

ਮੈਂ ਚਾਹਾਂ ਨੂਰੀ ਸ਼ਾਹਰਾਹਾਂ

ਜਾਵਣ ਸ਼ਾਹ ਹਨੇਰੇ,

ਸਜਣ ਦੀਆਂ ਮੁਸਕਾਨਾਂ ਵਰਗੇ

ਆਵਣ ਸੁਰਖ਼ ਸਵੇਰੇ

ਪਿਆਰੀ ਪਿਆਰੀ ਆਸ਼ਾ ਮੇਰੀ

ਊਸ਼ਾ ਨੂੰ ਗਲ ਲਾਏ

ਰਹੇ ਹਨੇਰੇ ਰਸਤੇ ਮੇਰੇ

ਕਿਸੇ ਨਾ ਦੀਪ ਜਗਾਏ

📝 ਸੋਧ ਲਈ ਭੇਜੋ