ਕਿਸੇ ਨੇ ਸਾਡੀ ਬਾਤ ਨਾ ਪੁੱਛੀ

ਕਿਸੇ ਨੇ ਸਾਡੀ ਬਾਤ ਨਾ ਪੁੱਛੀ, ਕਿਸੇ ਨਾ ਦਰਦ ਪਛਾਤੇ ।

ਦਰਦੀ ਨਹੀਂ ਜੇ ਇੱਕ ਦੂਜੇ ਦੇ ਕਾਹਦੇ ਰਿਸ਼ਤੇ ਨਾਤੇ ।

ਕਿਸ ਚਾਅ ਪਿੱਛੇ ਟੁਰ ਪਏ ਖ਼ਾਲੀ ਫੜ ਕੇ ਵਾਅ ਦੀ ਉਂਗਲੀ,

ਕਿਸ ਉਮੀਦੇ ਛੱਡ ਆਏ ਸਾਂ ਵਿਹੜੇ ਭਰੇ-ਭਰਾਤੇ ।

ਨਾ ਉੱਪਰ ਅਸਮਾਨ ਅਸਾਡਾ ਨਾ ਥੱਲੇ ਕੋਈ ਧਰਤੀ,

ਅਸਾਂ ਤੇ ਭਾਈਆ ਮੁੱਢ-ਕਦੀਮੋਂ ਬੇ-ਅਸਲੇ ਬੇ-ਜ਼ਾਤੇ ।

ਪੋਰ-ਪੋਰ ਵਿਚ ਸਿਮਦੀ ਜਾਵੇ, ਅੱਜ ਬੇਸੁਫ਼ਨੀ ਨੀਂਦਰ,

ਕਿਸ ਕੰਮ ਆਏ ਸਾਂਭ ਕੇ ਰੱਖੇ ਵਰ੍ਹਿਆਂ ਦੇ ਜਗਰਾਤੇ ।

ਸ਼ਹਿਰ ਦੀਆਂ ਖ਼ਾਲੀ ਸੜਕਾਂ ਤੇ 'ਅੰਜੁਮ' ਕੱਲਮ-ਕੱਲਾ,

ਨਾ ਫਿਰਿਆ ਕਰ ਲਾ-ਲਾ ਕੇ ਖ਼ੁਸ਼ਬੂਆਂ ਰਾਤ ਬਰਾਤੇ।

📝 ਸੋਧ ਲਈ ਭੇਜੋ