ਕਿਸੇ ਸੋਨੇ ਦੇ ਕਣ ਨੂੰ

ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿਚ ਪਾਵੇ

ਕਿ ਜ਼ੱਰਾ ਖ਼ਾਕ ਦਾ ਤਾਂ ਇਮਤਿਹਾਨਾਂ ਨੂੰ ਤਰਸ ਜਾਵੇ

ਅਜੇ ਕਾਹਲਾ ਪੈ ਤੈਨੂੰ ਤਰਾਸ਼ੇਗਾ ਜ਼ਮਾਨਾ ਇਉਂ

ਕਿ ਲੱਖਾਂ ਨ੍ਹੇਰਿਆਂ ਨੂੰ ਚੀਰ ਕੇ ਤੇਰਾ ਜਲੌਅ ਆਵੇ

ਮਿਲੇ ਨਾ ਜ਼ਖ਼ਮ ਜਦ ਤਕ, ਰੁੱਖ ਨੂੰ ਵੀ ਫ਼ਲ ਨਹੀਂ ਪੈਂਦਾ

ਸਿਤਮ ਸਹਿ ਕੇ ਜ਼ਮਾਨੇ ਦੇ ਹਯਾਤੀ 'ਤੇ ਲਿਸ਼ਕ ਆਵੇ

ਬੁਝੇ ਹੋਏ ਚਰਾਗਾਂ ਨੂੰ ਕਿਸੇ ਨੇ ਪੁਛਿਆ ਤਕ ਨਾ

ਕਿ ਬਲਦੇ ਦੀਵਿਆਂ ਨੂੰ ਹਰ ਹਵਾ ਹੀ ਪਰਖ ਕੇ ਜਾਵੇ

📝 ਸੋਧ ਲਈ ਭੇਜੋ