ਕਿਸੇ ਵੇਲੇ ਤਾਂ ਬੰਦੇ ਨੂੰ ਖ਼ੁਦਾ ਚੇਤੇ ਨਹੀਂ ਰਹਿੰਦਾ।
ਅਸਲ ਵਿਚ ਉਸ ਨੂੰ ਆਪਣਾ ਹੀ ਪਤਾ ਚੇਤੇ ਨਹੀਂ ਰਹਿੰਦਾ।
ਅਸਾਂ ਦੀ ਹਰ ਖ਼ਤਾ, ਹਰ ਬੇਬਸੀ ਨੂੰ ਯਾਦ ਰੱਖਦੇ ਹੋ,
ਨਹੀਂ ਰਹਿੰਦਾ ਤਾਂ ਸਾਡਾ ਤੜਪਣਾ, ਚੇਤੇ ਨਹੀਂ ਰਹਿੰਦਾ।
ਕਿਸੇ ਬਦਬੋਲ ਤੇ ਸ਼ਿਕਵਾ ਜੇ ਕਰੀਏ ਵੀ ਤਾਂ ਕਿਉਂ ਕਰੀਏ,
ਜਦੋਂ ਸਾਨੂੰ ਵੀ ਸਾਡਾ ਬੋਲਿਆ ਚੇਤੇ ਨਹੀਂ ਰਹਿੰਦਾ ।
ਜਦੋਂ ਉਹ ਜੀਣ ਜੋਗਾ ਵੀ ਤੇ ਮਰ ਜਾਣਾ ਵੀ ਹੁੰਦਾ ਏ,
ਦੁਆ ਤੇ ਬਦਦੁਆ ਵਿੱਚ ਫ਼ਾਸਲਾ, ਚੇਤੇ ਨਹੀਂ ਰਹਿੰਦਾ।
ਚਿਰਾਂ ਦੇ ਵਿਛੜੇ ‘ਕੇਸ਼ੀ' ਨੂੰ ਕਿਹੜਾ ਯਾਦ ਕਰਦਾ ਹੈ,
ਕਿਸੇ ਨੂੰ ਵੀ ਉਹਦਾ ਤੁਰ ਜਾਵਣਾ, ਚੇਤੇ ਨਹੀਂ ਰਹਿੰਦਾ।