ਕਿਸ਼ਤੀ ਡਾਵਾਂਡੋਲ ਕਿਨਾਰਾ ਦਿਸਦਾ ਨਹੀਂ।
ਤਿਣਕੇ ਜਿਹਾ ਵੀ ਕੋਈ ਸਹਾਰਾ ਦਿਸਦਾ ਨਹੀਂ।
ਕੇਹੀ ਗਰਦ ਚੜ੍ਹੀ ਹੈ ਅੱਜ ਅਸਮਾਨ ਉੱਤੇ,
ਧੁੰਦਲਾ ਜਿਹਾ ਵੀ ਕੋਈ ਤਾਰਾ ਦਿਸਦਾ ਨਹੀਂ।
ਟੁਕੜੇ ਟੁਕੜੇ ਹੋਇਆ ਫਿਰਦਾ ਹਰ ਬੰਦਾ,
ਕੋਈ ਵੀ ਸਾਰੇ ਦਾ ਸਾਰਾ ਦਿਸਦਾ ਨਹੀਂ।
ਸੀਸ ਤਲੀ 'ਤੇ ਆ ਕੇ ਖ਼ੁਦ ਹੀ ਬੋਲ ਪਿਆ,
ਬਹੁਤਾ ਚਿਰ ਹੁਣ ਹੋਰ ਗੁਜ਼ਾਰਾ ਦਿਸਦਾ ਨਹੀਂ।
ਸਭ ਦੇ ਅੰਦਰ ਭੀੜ ਹੈ ਸੰਸੇ, ਫਿਕਰਾਂ ਦੀ
ਸ਼ਖ਼ਸ ਕੋਈ ਵੀ ਕੱਲਾ ਕਾਰਾ ਦਿਸਦਾ ਨਹੀਂ।
ਕਿੱਧਰ ਜਾਈਏ, ਸੋਚਾਂ ਵਿਚ ਹੈ ਧੁੰਦ ਬੜੀ
ਆਸੇ ਪਾਸੇ ਕੋਈ ਇਸ਼ਾਰਾ ਦਿਸਦਾ ਨਹੀਂ।
ਸਾਰੇ ਮੰਜ਼ਰ ਵੇਖ ਲਏ ਨੇ ਤੁਰ ਫਿਰ ਕੇ
ਰੂਹ ਦਾ ਹਾਣੀ ਕੋਈ ਨਜ਼ਾਰਾ ਦਿਸਦਾ ਨਹੀਂ।
ਭਰੇ ਬਜ਼ਾਰ ‘ਚ ਬੰਦੇ ਵਸਤਾਂ ਵਰਗੇ ਬਹੁਤ
ਦਿਲਬਰ, ਜਾਨੀ, ਯਾਰ, ਪਿਆਰਾ ਦਿਸਦਾ ਨਹੀਂ।
ਕੈਸੀ ਹੱਥ ਸਫਾਈ ਸ਼ਾਤਰ ਲੋਕਾਂ ਦੀ
ਜੰਗਲ ਵੱਢ ਲਿਆ ਹੈ, ਆਰਾ ਦਿਸਦਾ ਨਹੀਂ।