ਕਿਸ਼ਤੀਆਂ ਨੇ ਗਰਕ ਹੋ ਜਾਣੈਂ

ਕਿਸ਼ਤੀਆਂ ਨੇ ਗਰਕ ਹੋ ਜਾਣੈਂ ਇਹੀ ਇਮਕਾਨ ਹੈ।

ਖੌਲਦਾ ਹੋਇਆ ਸਮੁੰਦਰ ਬੇਰਹਿਮ ਤੂਫਾਨ ਹੈ।

ਮੇਰਿਆਂ ਪੈਰਾਂ ਨੂੰ ਰਾਹ ਮਿਲਦੇ ਰਹੇ ਨੇ ਰੇਤਲੇ

ਹੁਣ ਸਮਝ ਆਈ, ਮੇਰੀ ਮੰਜ਼ਿਲ ਹੀ ਰੇਗਿਸਤਾਨ ਹੈ।

ਸ਼ਹੁ ਸਮੁੰਦਰ ਵਿੱਚ ਨਦੀ ਰਲ਼ਦੀ ਜਦੋਂ ਹੈ ਆਣ ਕੇ

ਇਸ ਦੀਆਂ ਲਹਿਰਾਂ 'ਚ ਕੋਈ ਮਚਲਦਾ ਅਰਮਾਨ ਹੈ

ਪੌਣ ਬਣ ਕੇ ਗੁਲਸਿਤਾਂ 'ਚੋਂ ਗੁਜ਼ਰਿਆ ਹੈ ਮਿਹਰਬਾਂ

ਮਹਿਕ ਹੈ ਉਸਦੀ ਬਦੌਲਤ, ਇਹ ਮੇਰਾ ਅਨੁਮਾਨ ਹੈ

ਹਿਜਰ, ਹੌਕੇ, ਹੰਝ, ਹਾਵਾਂ ਨੇ ਮੁਹੱਬਤ ਦੀ ਸਜ਼ਾ

ਹਰ ਸਮੇਂ ਮਰਨਾ ਸੁਮੈਰਾ, ਇਸ਼ਕ ਦਾ ਫੁਰਮਾਨ ਹੈ

📝 ਸੋਧ ਲਈ ਭੇਜੋ