ਕਿਸ ਨੇ ਰਾਗ ਅਲਾਇਆ

ਕਿਸ ਨੇ ਰਾਗ ਅਲਾਇਆ, ਸਾਡੇ ਚੰਨ ਚੜ੍ਹਿਆ

ਕੌਣ ਮੇਰੇ ਘਰ ਆਇਆ ਸਾਡੇ ਚੰਨ ਚੜ੍ਹਿਆ।

ਕਾਲ਼ੀ ਬੋਲ਼ੀ ਰਾਤੇ ਨੀਂਦ ਨਾ ਆਉਂਦੀ ਸੀ

ਮਹਿਰਮ ਆਣ ਸੁਆਇਆ ਸਾਡੇ ਚੰਨ ਚੜ੍ਹਿਆ।

ਤਾਹਨੇ ਮਿਹਣੇ ਸੁਣ ਲੋਕਾਂ ਦੇ ਹਾਰੀ ਸਾਂ

ਚੰਨ ਪ੍ਰਦੇਸੋਂ ਆਇਆ ਸਾਡੇ ਚੰਨ ਚੜ੍ਹਿਆ।

ਕੀ ਹੋਇਆ ਜੇ ਸਾਡੇ ਫੁੱਲ ਹੁਣ ਖਿੜਦੇ ਨਾ

ਸੂਲਾਂ ਦਾ ਸਰਮਾਇਆ ਸਾਡੇ ਚੰਨ ਚੜ੍ਹਿਆ।

ਵਿਹੜੇ ਆਏ ਹਾਸੇ ਅੱਜ ਮਹਿਮਾਨ ਮੇਰੇ

ਪਲਕਾਂ ਸੇਜ ਬਿਠਾਇਆ ਸਾਡੇ ਚੰਨ ਚੜ੍ਹਿਆ।

ਮਹਿਕਾਂ ਕਿਧਰੋਂ ਆਵਣ ਵੇਖਾਂ ਬੂਹੇ ਵੱਲ

ਯਾਰ ਮੇਰਾ ਘਰ ਆਇਆ ਸਾਡੇ ਚੰਨ ਚੜ੍ਹਿਆ।

ਵਰ੍ਹਿਆਂ ਤੋਂ ਜਿਸ ਦੇ ਆਵਣ ਦੀ ਖਾਹਿਸ਼ ਸੀ

ਅੱਜ ਮਾਹੀ ਘਰ ਆਇਆ ਸਾਡੇ ਚੰਨ ਚੜ੍ਹਿਆ।

ਬੰਜਰ ਹੋਇਆ ਰਿਮਝਿਮ ਸਾਵਣ ਰੁੱਤ ਆਈ

ਮੋਰੀਂ ਰੁਣਝੁਣ ਲਾਇਆ ਸਾਡੇ ਚੰਨ ਚੜ੍ਹਿਆ।

ਥਾਲ ਸੋਨੇ ਦੇ ਕਣਕਾਂ ਵਿਛੀਆਂ ਹਰ ਪਾਸੇ

ਵੈਸਾਖੀ ਦਿਨ ਆਇਆ ਸਾਡੇ ਚੰਨ ਚੜ੍ਹਿਆ।

ਉਮਰ ਹੰਢਾ ਬਾਬੇ ਜਾ ਕਬਰੀਂ ਸੁੱਤੇ ਨੇ

ਫਿਰ ਜੋਬਨ ਮੁਸਕਾਇਆ ਸਾਡੇ ਚੰਨ ਚੜ੍ਹਿਆ।

‘ਉੱਪਲ ਜੀ’ ਜਗ ਜੀਵਦਿਆਂ ਦੇ ਮੇਲੇ ਵਿੱਚ

ਕੁੜੀਆਂ ਗਿੱਧਾ ਪਾਇਆ ਸਾਡੇ ਚੰਨ ਚੜ੍ਹਿਆ।

📝 ਸੋਧ ਲਈ ਭੇਜੋ