ਕਿਸਰਾਂ ਫਿਰ ਉਸ ਬੇਵਾ ਮਾਂ ਦੇ

ਕਿਸਰਾਂ ਫਿਰ ਉਸ ਬੇਵਾ ਮਾਂ ਦੇ ਦਿਲ ਵਿਚ ਡਰ ਨਾ ਹੋਵੇ,

ਜਿਸ ਦਾ ਗਭਰੂ ਪੁੱਤਰ ਸ਼ਾਮਾਂ ਵੇਲੇ ਘਰ ਨਾ ਹੋਵੇ ।

ਆਪਣੀ ਪਾਰੇ ਵਰਗੀ ਏਸ ਤਬੀਅਤ ਪਾਰੋਂ ਸੱਜਣਾ,

ਉਮਰਾਂ ਤੀਕਰ ਕੱਠੇ ਰਹਿਣ ਦੀ ਹਾਮੀ ਭਰ ਨਾ ਹੋਵੇ ।

ਆਪਣੇ ਸੱਜਣ ਦੀ ਬਾਂਹ ਆਪ ਕਿਸੇ ਨੂੰ ਕੌਣ ਫੜਾਉਂਦੈ,

ਇਹ ਗੱਲ ਕਹਿਣੀ ਸੌਖੀ ਐਡਾ ਜਿਗਰਾ ਕਰ ਨਾ ਹੋਵੇ ।

ਉਹ ਦਰਿਆਉਂ ਪਾਰ ਖਲੋਤਾ ਮੈਨੂੰ ਵਾਜਾਂ ਮਾਰੇ,

ਹੋਂਦ ਮੇਰੀ ਏ ਕੱਚੀ ਮਿੱਟੀ ਮੈਥੋਂ ਤਰ ਨਾ ਹੋਵੇ ।

ਓਸ ਨੂੰ ਆਖੀਂ ਘਰ ਦੀਆਂ ਕੰਧਾਂ ਦੇ ਸੰਗ ਯਾਰੀ ਰੱਖੇ,

ਮੇਰੇ ਵਾਂਗੂੰ ਘਰ ਵਿਚ ਰਹਿਕੇ ਉਹ ਬੇਘਰ ਨਾ ਹੋਵੇ ।

📝 ਸੋਧ ਲਈ ਭੇਜੋ