ਅੱਖਰਾਂ ਵਿੱਚ ਤੂੰ ਦਿਸੇਂ,

ਮੈਂ ਜੋ ਵੀ ਲਿਖਦਾ ਹਾਂ।

ਤੇਰੀ ਹੀ ਤਸਵੀਰ ਵਹੇ,

ਨਾ ਪੁੱਛ ਮੈਂ ਕਿਸਦਾ ਹਾਂ?

ਤੈਨੂੰ ਤੱਕੇ ਜਿਹੜਾ,

ਉਹਨੂੰ ਚੜ੍ਹੇ ਸਰੂਰ।

ਕਿੱਸਾ ਯਾਰ ਮੁਹੱਬਤ ਵਾਲਾ

ਹੋ ਚੱਲਿਆ ਮਸ਼ਹੂਰ।

ਤੇਰਾ ਸਾਥ ਜਿਵੇਂ ਮਹਿਖ਼ਾਨਾ,

ਲੋਚੇ ਹਰ ਇੱਕ ਹੀ ਦੀਵਾਨਾ।

ਸ਼ਾਇਰੀ ਤੇਰੇ ਇਸ਼ਕ ਸਿਖਾਈ,

ਮੈਂ ਤਾਂ ਤੈਥੋਂ ਸਕਦੇ ਜਾਨਾਂ।

ਤੇਰਾ ਬਣਦਾ ਸੋਹਣਿਆਂ, ਤੂੰ ਜੇ ਕਰੇਂ ਗਰੂਰ।

ਕਿੱਸਾ ਯਾਰ...

ਪਾਣੀ ਦਾ ਰੰਗ ਹੋਇਆ ਗੁਲਾਬੀ।

ਤੇਰੇ ਮੁੱਖ ਦਾ ਰੰਗ ਮਤਾਬੀ।

ਸੁਣ ਲੈ ਹੁਣ ਤੂੰ ਗੱਲ ਅਸਾਡੀ,

ਕਰਕੇ ਨਾ ਤੂੰ ਤੁਰੀਂ ਖਰਾਬੀ।

ਨਿੱਭੀਂ ਵੇ ਤੂੰ ਨਿੱਭੀਂ ਯਾਰਾ

ਨਿੱਭੀਂ ਤੂੰ ਜ਼ਰੂਰ।

ਕਿੱਸਾ ਯਾਰ ...

ਖ਼ੁਦਾ ਰਹਿੰਦਾ ਹੈ ਸੱਤਵੇਂ ਆਸਮਾਨ 'ਤੇ।

ਜੱਗ ਪਰ ਜੀਂਦਾ ਝੱਲਿਆ ਜ਼ੁਬਾਨ 'ਤੇ।

ਤੇਰੇ ਜਿਹਾ ਕੋਈ ਹੋਰ ਨਾ ਵੇ ਸੋਹਣਿਆਂ,

ਮੈਂ ਤੱਕਿਆ ਤੇ ਲੋਚਿਆ ਇਸ ਜਹਾਨ 'ਤੇ।

ਕੋਹ ਕੋਹ ਨਾ ਤੂੰ ਮਾਰ ਜਾਈਂ,

ਵੇ ਤੂੰ ਸਾਡਾ ਕੋਹੇਨੂਰ।

ਕਿੱਸਾ ਯਾਰ ...

ਕੌਣ ਇਸ਼ਕ ਦੀ ਬਾਤ ਹੈ ਪਾਉਂਦਾ?

ਕਿਹੜਾ ਇਸ਼ਕ ਤੋਂ ਸਦਕੇ?

ਤੂੰ ਅਸਾਡਾ, ਅਸੀਂ ਹਾਂ ਤੇਰੇ,

ਸੁਣ ਲੈ ਜਾਨੋਂ ਵੱਧ ਕੇ।

ਹੁਣ ਤਾਂ ਇੱਕ ਦੂਜੇ ਨਾਲ ਜਿਉਣਾ

ਹੁਣ ਨਹੀਂ ਹੋਣਾ ਦੂਰ।

ਕਿੱਸਾ ਯਾਰ ...

ਜੰਗਲ ਦੇ ਵਿੱਚ ਵੱਜਦਾ ਜਿਵੇਂ ਰਬਾਬ ਕੋਈ।

ਸਭ ਸੁਆਲਾਂ ਦਾ ਦੇ ਜਾਵੇ ਜਿਵੇਂ ਜਵਾਬ ਕੋਈ।

ਚੰਨ ਨੂੰ ਚਾਹੁੰਦੀ ਜਿਵੇਂ ਚਕੋਰ ਜਨਾਬ ਕੋਈ।

ਤੈਨੂੰ ਦੇਣਾ ਦਿਲ ਦੇ ਬਾਗੋਂ ਤੋੜ ਗੁਲਾਬ ਕੋਈ।

ਤੂੰ ਵੀ ਹੋਜਾ ਸਾਡੇ ਵਾਂਗੂ

ਜਿਵੇਂ ਅਸੀਂ ਹੋਏ ਮਗ਼ਰੂਰ।

ਕਿੱਸਾ ਯਾਰ ...

ਦੇਖੀ ਨਹੀਂ ਤੂੰ ਕਿਉਂ ਹਾਲੇ, ਲੱਗੀ ਬੂਹੇ ਤਖ਼ਤੀ।

ਇਸ਼ਕੇ ਵਿੱਚ ਮਿਟ ਜਾਂਦੀ ਬੰਦੇ ਦੀ ਕਿੰਝ ਹਸਤੀ।

ਸਾਡੇ ਤਾਂ ਦਿਲ ਵਿੱਚ ਸੱਜਣਾ ਤੇਰੀ ਬਣਗੀ ਬਸਤੀ।

ਤੇਰੇ ਤੋਂ ਜਾਨ ਵਾਰਦਾਂ, ਜਾਨ ਨਾ ਹੁੰਦੀ ਸਸਤੀ।

ਕੋਇਲ ਜਦ ਕੂਕੇ ਬਾਗੀਂ,

ਪਵੇ ਅੰਬੀਆਂ ਨੂੰ ਬੂਰ।

ਕਿੱਸਾ ਯਾਰ ...

ਤੈਨੂੰ ਪਾਉਣਾ ਸਭ ਦਾ ਇੱਕ ਨਿਸ਼ਾਨਾ ਹੈ।

ਮੈਂ ਨੂੰ ਟੋਹਲਣਾ, ਰੱਬ ਤਾਂ ਇੱਕ ਬਹਾਨਾ ਹੈ।

ਤੇਰੇ ਉੱਤੇ ਮਰਦਾ ਇਹ ਦੀਵਾਨਾ ਹੈ।

ਆਹ ਹੁਣ ਅੱਗ ਵਿਚ ਬਲ ਚਲਿਆ ਪਰਵਾਨਾ ਹੈ।

ਸਵੈਚ ਸ਼ਾਇਰ ਦੀ ਗੱਲ ਬਣੀ ਹੈ

ਜੱਗ ਦਾ ਇੱਕ ਦਸਤੂਰ।

ਕਿੱਸਾ ਯਾਰ ...

📝 ਸੋਧ ਲਈ ਭੇਜੋ