ਥੋਨੂੰ ਗਾਂ ਦਾ ਹਾਲ ਸੁਣਾਵਾਂ
ਜਿਹਨੂੰ ਰੱਖਕੇ ਮੈਂ ਪਛਤਾਵਾਂ
ਛੱਬੀ ਸਾਲ ਤੋਂ ਪੱਠੇ ਪਾਵਾਂ
ਦੁੱਧ ਦੀ ਤਿੱਪ ਵੀ ਸਰਦੀ ਨਾ
ਬਿਨਾਂ ਛੜਾਂ ਤੇ ਢੁੱਡਾ, ਹੋਰ ਇਹ ਗੱਲ ਵੀ ਕਰਦੀ ਨਾ ।
ਦੱਸਾਂ ਕੀ ਲੰਡੀ ਦੇ ਕਾਰੇ
ਮੋਗੇ ਖੁਲ੍ਹਗੀ ਦਿਨੇ ਦਿਹਾੜੇ
ਕਿੰਨੇ ਜੁਆਕ ਲਤੜ ਕੇ ਮਾਰੇ
ਦੇਖੋ ਏਸ ਕਲਿਹਣੀ ਨੇ
ਪਰ ਅਜੇ ਨਾ ਛੱਡਿਆ ਖਹਿੜਾ ਕੀੜੇ ਪੈਣੀ ਨੇ ।
ਮੋਗਿਓਂ, ਕਾਲਾ ਸੰਘਿਆ ਵੜਗੀ
ਸਾਰੇ ਪਿੰਡ ਦੇ ਪੱਠੇ ਚਰਗੀ
ਨਾਲੇ ਢਿੱਡ ਵਿੱਚ ਗਲੀਆਂ ਕਰਗੀ
(ਇਹ) ਮਾਰਨ ਖੰਡੀ ਉਇ
ਘਰ ਨੀ ਰੱਖਣੀ ਬਾਪੂ, ਵੇਚਦੇ ਮੰਡੀ ਉਇ
ਘਰ ਦੇ ਕੰਧਾਂ ਕੌਲੇ ਢਾਹੁੰਦੀ
ਖੌਰੂ ਗੁਆਂਢੀ ਦੇ ਜਾ ਪਾਉਂਦੀ
ਕਮਲਿਆ ਟੱਬਰਾ ਸਮਝ ਨਹੀਂ ਆਉਂਦੀ
ਥੋਨੂੰ ਅਜੇ ਵੀ ਢਾਂਡੀ ਦੀ
ਕੱਲ੍ਹ ਦੇਖਲਾ ਬਾਂਹ ਤੋੜਤੀ ਗੁਆਂਢੀ ਦੀ
ਓ ਤਾਇਆ ਚੁੱਕੀ ਫਿਰਦੈਂ ਦੋਹਣਾ
ਲੱਗਦੈ ਤੂੰ ਵੀ ਬੂਥ ਭੰਨਾਉਣਾ
ਅਕਸਰ ਪੈਣਾ ਇਹਨੂੰ ਭਜਾਉਣਾ
ਮਾਰਕੇ ਫੌੜੇ ਉਇ
ਨਹੀਂ ਮੰਨਦਾ ਤਾਂ ਭਰ ਲਈਂ ਘਿਓ ਦੇ ਤੌੜੇ ਉਇ
ਓਮ ਪ੍ਰਕਾਸ਼ ਕਵੀਸ਼ਰ ਕਹਿੰਦਾ
ਪੈਂਦਾ ਦੁੱਧ ਏਸ ਦਾ ਮਹਿੰਗਾ
ਕੋਈ ਡਰਦਾ ਨਾਂ ਨਹੀਂ ਲੈਂਦਾ
ਪਏ ਸਭ ਅੰਬੇ ਉਇ
ਚਲੋ ਦਵੱਲੀਏ ਇਹਨੂੰ ਮਾਰਕੇ ਟੰਬੇ ਉਇ