ਕੀਤਾ ਬੇਖੁਦ ਮੂਸਾ ਨੂੰ ਇਕ ਝਲਕ ਦੇ ਕੇ
ਪਾਯਾ ਭੇਤ ਨਾ ਤੇਰੀ ਜਲਵਾਗਰੀ ਦਾ
ਹੋਵੇ ਨੇੜੇ ਜੋ ਤੌਕ ਲਾਅਨਤ ਦਾ ਪੈਂਦਾ
ਰਹੇ ਦੂਰ ਜੋ ਉਸ ਨੂੰ ਕਾਫਰਗਰੀ ਦਾ
ਫਾਅਨਮਾ ਤੂੰ ਤੇ ਕਿਤੇ ਆਪੇ ਵਸਦਾ
ਕਿਤੇ ਆਖਦਾ ਨਹਨੋ ਅਕਰਬ 'ਚ ਵਸਦਾ
ਮੈਂ ਕਿਤੇ ਸਨੁੰਮ ਬਕੁੰਮ ਕਹੀਂ ਦੂਰ ਨਸਦਾ
ਤੂੰ ਹੈਂ ਲਾ ਪਤਾ ਐਸ ਗਲ ਤੋਂ ਡਰੀ ਦਾ
ਕਿਤੇ ਅਨਲਹਕ ਆਪੇ ਕਲਮਾ ਪੜ੍ਹਾਵੇਂ
ਤੇ ਆਪੋ ਹੀ ਫਤਵਾ ਸ਼ਰ੍ਹਾ ਦਾ ਤੂੰ ਲਾਵੇਂ
ਕਿਤੇ ਹੁਕਮ ਸੂਲੀ ਦਾ ਆਪੇ ਸੁਣਾਵੇਂ
ਨਹੀਂ ਉਜ਼ਰ ਕੋਈ ਤੇ ਹਸ ਕੇ ਚੜ੍ਹੀ ਦਾ
ਕਿਸੇ ਦਾ ਬਦਨ ਕੀੜਿਆਂ ਤੋਂ ਖੁਲਾਯਾ
ਕਿਸੇ ਦੇ ਤੂ ਸਰ ਉਤੇ ਆਰਾ ਚਲਾਯਾ
ਕਿਸੇ ਦਾ ਕਤਲ ਕੀਤਾ ਕੁੰਨਬਾ ਖਪਾਯਾ
ਇਹੋ ਫ਼ੈਜ਼ ਮਿਲਿਆ ਤੇਰੀ ਦਿਲਬਰੀ ਦਾ
ਤੂੰ ਚਾਹੇਂ ਤਖਤ ਨੌਕਰਾਂ ਨੂੰ ਬਹਾਵੇਂ
ਗੁਨਾਹਗਾਰਾਂ ਨੂੰ ਵਿਚ ਬਹਿਸ਼ਤੀ ਪੁਚਾਵੇਂ
ਇਬਾਦਤ ਲੱਖਾਂ ਬਰਸਾਂ ਦੀ ਖੂਹ ਵਿਚ ਪਾਵੇਂ
ਇਸੇ ਗਲ ਤੋਂ ਨਾ ਕੋਈ ਦਾਅਵਾ ਕਰੀ ਦਾ
ਤੈਨੂੰ ਇਸ ਦੀ ਹਸ਼ਮਤ ਖਬਰ ਕੁਛ ਨ ਲਗੇ
ਕਾਹਨੂੰ ਕਾਲੇ ਕਰਦਾ ਹੈਂ ਕਾਗਜ਼ ਤੂੰ ਬਗੇ
ਚੰਗੀ ਮੰਦੀ ਹੈਂ ਜੋ ਬੀ ਸੋਹਣੇ ਅਗੇ
ਜ਼ਮਾਨੇ ਨੂੰ ਛਡ ਉਹਦੇ ਦਰ ਤੇ ਮਰੀ ਦਾ