ਕੁਝ ਪੰਨਿਆਂ ਦਾ 'ਕੱਠ ਕਹਾਉਂਦੀਆਂ ਨੇ ਕਿਤਾਬਾਂ।
ਜਾਦੂ ਸ਼ਬਦਾਂ ਦਾ ਅੰਦਰ ਸਮੋਉਂਦੀਆਂ ਨੇ ਕਿਤਾਬਾਂ।
ਗਿਆਨ ਨਾਲ ਮਨ ਰੁਸ਼ਨਾਉਂਦੀਆਂ ਨੇ ਕਿਤਾਬਾਂ।
ਸਭ ਭਰਮ ਭੁਲੇਖੇ ਇਹ ਹਟਾਉਂਦੀਆਂ ਨੇ ਕਿਤਾਬਾਂ।
ਸੁੱਤੇ ਪਿਆ ਨੂੰ ਵੀ ਇਹ ਜਗਾਉਂਦੀਆਂ ਨੇ ਕਿਤਾਬਾਂ।
ਭੁੱਖ ਢਿੱਡ ਨਾਲੋਂ ਮਨ ਦੀ ਮਿਟਾਉਂਦੀਆਂ ਨੇ ਕਿਤਾਬਾਂ।
ਸਾਡੇ ਹੱਕ ਕੌਣ ਖੋਵੈ ਇਹ ਸਿਖਾਉਂਦੀਆਂ ਨੇ ਕਿਤਾਬਾਂ।
ਹੱਕ ਕਿੰਝ ਨੇ ਲੈਣੇ ਇਹ ਸਮਝਾਉਂਦੀਆਂ ਨੇ ਕਿਤਾਬਾਂ।
ਸਾਡੇ ਡਰ ਸਭੈ ਦੂਰ ਮਨੋਂ ਭਜਾਉਂਦੀਆਂ ਨੇ ਕਿਤਾਬਾਂ।
ਫਿਰ ਸੂਰਬੀਰ ਦੇਸ ਦੇ ਬਣਾਉਂਦੀਆਂ ਨੇ ਕਿਤਾਬਾਂ।
ਚੁੱਪ ਰਹਿ ਕੇ ਬਹੁਤ ਕੁਝ ਬੋਲਦੀਆਂ ਨੇ ਕਿਤਾਬਾਂ।
ਬਣ ਸਾਡਾ ਮਿੱਤਰ ਮਨ ਫਰੋਲਦੀਆਂ ਨੇ ਕਿਤਾਬਾਂ।
ਜਦੋਂ ਖੋਲ੍ਹ ਇਹ ਪੜ੍ਹਾਂ ਅੱਖਾਂ ਖੋਲਦੀਆਂ ਨੇ ਕਿਤਾਬਾਂ।
ਮੈਨੂੰ ਜਾਪੇ ਮੇਰੇ ਨਾਲ ਇਹ ਬੋਲਦੀਆਂ ਨੇ ਕਿਤਾਬਾਂ।
ਨਾਲ ਬ੍ਰਹਿਮੰਡ ਦੇ ਗਿਆਨ ਜੋੜਦੀਆਂ ਨੇ ਕਿਤਾਬਾਂ।
ਸਾਰੇ ਅੰਧਵਿਸ਼ਵਾਸ ਇਹ ਤੋੜਦੀਆਂ ਨੇ ਕਿਤਾਬਾਂ।
ਅਗਿਆਨਤਾ ਦਾ ਡਰ ਮਨੋਂ ਮੋੜਦੀਆਂ ਨੇ ਕਿਤਾਬਾਂ।
ਸਾਡੇ ਮਨ ਮੰਦਰ 'ਚੋਂ ਝੂਠ ਰੋੜਦੀਆਂ ਨੇ ਕਿਤਾਬਾਂ।
ਸਭਿਆਚਾਰ ਨਾਲ ਲੈ ਕੇ ਆਉਂਦੀਆਂ ਨੇ ਕਿਤਾਬਾਂ।
ਪੜ੍ਹੀ ਮਨ ਲਾ ਕੇ ਜਾਪੂ ਗਾਉਂਦੀਆਂ ਨੇ ਕਿਤਾਬਾਂ।
ਪੜ੍ਹਨ ਵਾਲਿਆਂ ਦੀ ਖੈਰ ਚਾਹੁੰਦੀਆਂ ਨੇ ਕਿਤਾਬਾਂ।
ਗੂੜ੍ਹੀ ਅਮਰਪ੍ਰੀਤ ਇਹ ਪਾਉਂਦੀਆਂ ਨੇ ਕਿਤਾਬਾਂ।