ਕਿਤਾਬਾਂ

ਮੈਂ ਕਿਤਾਬਾਂ ਨਹੀਂ ਪੜ੍ਹਦਾ

ਕਿਤਾਬਾਂ ਮੈਨੂੰ ਪੜ੍ਹਦੀਆਂ ਹਨ

ਜਿਉਂ ਜਿਉਂ ਕਿਤਾਬਾਂ ਮੈਨੂੰ ਪੜ੍ਹਦੀਆਂ ਹਨ

ਮੇਰੇ ਵਿੱਚ ਲੁਪਤ ਅਦਿੱਖ ਅੱਖਰ

ਪ੍ਰਗਟ ਹੋਣ ਲੱਗਦੇ ਹਨ

ਜੋ ਮੇਰੇ ਅੰਦਰ ਲੁਪਤ ਨਹੀਂ ਹੈ

ਕਿਤਾਬਾਂ ਉਸ ਨੂੰ ਪੜ੍ਹ ਨਹੀਂ ਸਕਦੀਆਂ

ਕਿਤਾਬਾਂ ਲਿਖਣਾ ਨਹੀਂ ਜਾਣਦੀਆਂ

ਸਿਰਫ ਗੁਪਤ ਅੱਖਰਾਂ ਨੂੰ

ਪੜ੍ਹਨਾ ਜਾਣਦੀਆਂ ਹਨ

ਕਿਤਾਬਾਂ ਮੈਨੂੰ ਲੱਭ ਲੈਂਦੀਆਂ ਹਨ

ਦੂਰੋਂ ਦੂਰੋਂ

ਸੱਤ ਸਮੁੰਦਰੋਂ ਪਾਰ

ਯੁਗਾਂ ਦੀ ਦੂਰੀ ਤੋਂ

ਉਹ ਮੇਰੇ ਕੋਲ ਜਾਂਦੀਆਂ ਹਨ

ਜਦ ਮੈਨੂੰ ਉਨ੍ਹਾਂ ਦੀ ਲੋੜ ਹੁੰਦੀ ਹੈ

ਉਹ ਮੈਨੂੰ ਹੌਲੀ ਹੌਲੀ ਵੱਡਾ ਕਰਦੀਆਂ ਹਨ

ਕੋਈ ਪਿਓ ਜਿਵੇਂ ਪੁੱਤ ਨੂੰ ਵੱਡਾ ਕਰਦਾ ਹੈ

ਉਹ ਮੇਰੇ ਕੋਲ ਆਉਂਦੀਆਂ ਹਨ

ਕਦਮ ਕਦਮ

ਪੌੜੀ ਪੌੜੀ

ਉਹ ਮੇਰੀ ਅਵਸਥਾ ਨੂੰ ਜਾਣਦੀਆਂ ਹਨ

ਸ਼ਾਇਦ ਕੁੱਝ ਵੀ ਅਚਨਚੇਤਾ ਨਹੀਂ ਹੈ

ਉਹ ਮੇਰੇ ਕੋਲ ਆਉਂਦੀਆਂ ਹਨ

ਮੌਕੇ ਮੁਤਾਬਕ

ਲੋੜ ਮੁਤਾਬਕ

ਅਗਵਾਈ ਦੇਣ

ਦਿਸ਼ਾ ਦੇਣ

ਜਿਵੇਂ ਮੇਰੇ ਗੁਰੂ ਨੇ ਭੇਜੀਆਂ ਹੋਣ

ਧਰਤੀ ਤੇ ਬੇਅੰਤ ਕਿਤਾਬਾਂ ਹਨ

ਜਿਵੇਂ ਹਵਾ ਵਿੱਚ ਬੇਅੰਤ ਅਵਾਜ਼ਾਂ ਹਨ

ਬੇਅੰਤ ਅਵਾਜ਼ਾਂ ਦੀ ਭੀੜ ਵਿੱਚ

ਕੋਈ ਅਵਾਜ਼ ਹੈ ਮੇਰੇ ਲਈ

ਬੇਅੰਤ ਕਿਤਾਬਾਂ ਵਿੱਚ

ਕੋਈ ਸੁਨੇਹਾ ਹੈ ਮੇਰੇ ਲਈ

ਮੈਂ ਰੋਜ਼ ਉਸ ਅਵਾਜ ਨਾਲ

ਇਕ ਸੁਰ ਹੁੰਦਾਂ

ਉਸ ਸੁਨੇਹੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾਂ

ਕਿਤਾਬਾਂ ਵਿੱਚ ਰੱਬ ਦੇ ਸੁਨੇਹੇ ਹਨ

📝 ਸੋਧ ਲਈ ਭੇਜੋ