ਕੀਤੇ ਕੌਲ਼ ਨਿਭਾ ਨੀ ਜਿੰਦੇ
ਇਸ਼ਕ ਉਲ੍ਹਾਮੇ ਲਾਹ ਨੀ ਜਿੰਦੇ
ਇੰਜ ਸੂਲ਼ੀ ਤੇ ਪਾ ਧਮਾਲਾਂ
ਮੌਤ ਵੀ ਆਖੇ ਵਾਹ ਨੀ ਜਿੰਦੇ
ਦਿਲ ਦੇ ਕੱਪਾਂ ਵਿਚ ਈ ਠਰ ਗਈ
ਮੇਰੀ ਉਹਦੀ ਚਾਹ ਨੀ ਜਿੰਦੇ
ਮੈਂ ਵੇਖੇ ਨੇ ਚੰਨ ਤੇ ਸੂਰਜ
ਅੰਦਰੋਂ ਕਾਲ਼ੇ ਸ਼ਾਹ ਨੀ ਜਿੰਦੇ
ਓੜਕ ਇੱਕ ਦਿਨ ਡੰਗ ਲੈਂਦੇ ਨੇ
ਸੱਪ ਸੱਜਣ ਤੇ ਸਾਹ ਨੀ ਜਿੰਦੇ
ਜੀਣਾ ਕੀ ਸੀ ਪੈ ਗਏ ਸਾਡੇ
ਗਲ਼ ਤੋਂ ਵੱਡੇ ਫਾਹ ਨੀ ਜਿੰਦੇ