ਕਲ੍ਹ ਸੀ ਕਿਤੇ ਕਿਤੇ ਕੋਈ ਤਾਰਾ,
ਜਿਵੇਂ ਦੈਂਤ ਦੇ ਪਿੰਡੇ ਉੱਤੇ
ਕਿਤੇ ਕਿਤੇ ਅੰਗਿਆਰਾ।
ਲਖ ਲਿਸ਼ਕਾਂ ਨ੍ਹੇਰੇ ਦੇ ਕਾਲੇ
ਖੂਹਾਂ ਵਿਚ ਡੁੱਬ ਮੋਈਆਂ,
ਲੱਖ ਬਲੌਰੀ ਬੂੰਦਾਂ ਮਾਰੂ
ਰੇਤ 'ਚ ਚੁਰ-ਮੁਰ ਹੋਈਆਂ
ਸੰਘਣੇ ਬਦਲਾਂ ਵਿਚ ਖੁਰ ਮੋਇਆ,
ਲਖ ਬਿਜਲੀ ਲਿਸ਼ਕਾਰਾ।
ਕਲ੍ਹ ਸੀ ਕਿਤੇ ਕਿਤੇ ਕੋਈ ਤਾਰਾ।
ਕਦੀ ਕਦੀ ਨ੍ਹੇਰੇ ਵਿਚ ਜਗਮਗ
ਖੰਜਰ ਕੋਈ ਚੁਭਾਏ;
ਕਦੇ ਕਿਸੇ ਮਾਸੂਮ ਦਾ ਹੰਝੂ
ਚਿਣਗ–ਰੰਗ ਬਣ ਜਾਏ ;
ਜਾਬਰਵਾਣੀ ਨੇ ਥਥਲਾਈਆਂ
ਪਥਰਾਈਆਂ ਸਭ ਜੀਭਾਂ ;
ਕਦੇ ਕਿਸੇ ਪੱਥਰ ਵਿਚ ਤ੍ਰਭਕੇ
ਸੁੱਤਾ ਹੋਇਆ ਸ਼ਰਾਰਾ।
ਕਲ੍ਹ ਸੀ ਕਿਤੇ ਕਿਤੇ ਕੋਈ ਤਾਰਾ ।
ਨਿੱਕੇ ਮੋਟੇ ਲੱਖਾਂ ਤਾਰੇ
ਅੰਬਰ ਵਿਚ ਉਗ ਆਏ ;
ਜਿਵੇਂ ਜ਼ਿੰਦਗੀ ਮੌਤ-ਨਾਗ ਤੇ
ਰਜ ਰਜ ਡੰਗ ਚਲਾਏ ;
ਲੂੰ ਲੂੰ ਪੁੜੀਆਂ ਅੱਗ ਦੀਆਂ ਨੋਕਾਂ,
ਹੋਇਆ ਦੈਂਤ ਨਕਾਰਾ
ਅਜ ਹੈ ਅੰਬਰ ਜਗਮਗ ਸਾਰਾ ।
ਕਲ੍ਹ ਸੀ ਕਿਤੇ ਕਿਤੇ ਕੋਈ ਤਾਰਾ,
ਅੱਜ ਹੈ ਅੰਬਰ ਜਗਮਗ ਸਾਰਾ।