ਕਿਤੇ ਸੁੰਨਸਾਨ ਹੈ
ਆਪਣੇ ਨੂੰ ਗੁਆ ਲੈਣ ਦਾ ਦਰਦ
ਬੇਗੁਨਾਹਾਂ ਦੇ ਹੱਕ ਮੰਗਣ ਜਾਣ ਤੇ
ਕਤਲ ਕੀਤੇ ਜਾਣ ਦਾ ਦਰਦ
ਕਿਤੇ ਸਿਆਸਤ
ਕਿਤੇ ਮੁੱਦੇ ਨੂੰ ਉਛਾਲਣ ਦੀ ਗੱਲ
ਕਿਸੇ ਦਾ ਸਾਰਾ ਜ਼ੋਰ ਮੁੱਦੇ ਨੂੰ ਦਬਾਉਣ ਤੇ
ਕਿਸੇ ਔਰਤ ਵਿਧਵਾ ਹੋ ਜਾਣਾ
ਕਿਸੇ ਦੀ ਗੋਦ ਸੁੰਨੀ ਹੋ ਜਾਵੇ
ਕਿਸੇ ਪਿਉ ਦੀ ਰੀੜ੍ਹ ਦੀ ਹੱਡੀ ਦਾ ਟੁੱਟ ਜਾਣਾ
ਕਿਸੇ ਨੌਜਵਾਨ ਦਾ ਕਹਿਣਾ
ਮੇਰਾ ਜੀਅ ਕਰਦਾ ਉੱਚੀ ਉੱਚੀ ਚੀਕਾਂ ਮਾਰਾ
ਕੀ ਹੈ ਇਹ ਸਭ
ਸਰਕਾਰਾਂ ਵਿੱਚ ਬੈਠੇ ਲੋਕ
ਕਿੰਨੇ ਸੰਵੇਦਨਹੀਣ ਹੋ ਗਏ
ਬਾਹਵਾਂ ਵਿੱਚ ਪਾਇਆ ਸੱਜਰਾ ਚੂੜਾ
ਵਿਲਕਦੀਆਂ ਮਾਵਾਂ
ਪਿਓ ਦਾ ਰੁੜ੍ਹ ਗਿਆ ਬੁਢਾਪਾ
ਕਿਉਂ ਨਹੀਂ ਇਨ੍ਹਾਂ ਦੇ ਕਾਲਜੇ ਨੂੰ ਧੂਹ ਪਾਉਂਦਾ
ਕੀ ਸਿਆਸਤਦਾਨ ਇਨਸਾਨ ਨਹੀਂ ਰਹਿੰਦੇ
ਜਲ੍ਹਿਆਂਵਾਲੇ ਬਾਗ਼ ਲਈ
ਅੰਗਰੇਜ਼ਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ
ਹਿੰਦੁਸਤਾਨ ਦੀ ਗੈਰਤ
ਲਖੀਮਪੁਰ ਖੀਰੀ ਤੇ
ਕਿਉਂ ਸੌਂ ਜਾਂਦੀ ਹੈ
ਜੋ ਵੰਡੇ ਜਾਂਦੇ ਹਾਂ ਅਸੀਂ
ਯੂ ਪੀ, ਪੰਜਾਬ ਤੇ ਹਰਿਆਣੇ ਵਿਚ
ਆਮ ਆਦਮੀ
ਸਿਰਫ ਆਮ ਆਦਮੀ ਹੁੰਦਾ
ਨਾ ਉਸਦਾ ਕੋਈ ਧਰਮ
ਨਾ ਜ਼ਾਤ
ਨਾ ਹੀ ਉਸ ਦੀ ਕੋਈ ਕੀਮਤ
ਕੀੜੇ ਮਕੌੜਿਆਂ ਵਾਂਗ
ਮਸਲ ਦਿੱਤੇ ਜਾਂਦੇ
ਸਕਤਿਆਂ ਦੇ ਪੈਰਾਂ ਹੇਠ
ਯਾਦ ਹੈ ਟਿੱਡੀ ਦਲ
ਕਿਵੇਂ ਭਾਜੜਾਂ ਪੈ ਗਈਆਂ ਸਨ ਸਰਕਾਰਾਂ ਨੂੰ
ਆਓ ਇਕੱਠੇ ਹੋ ਕੇ
ਟਿੱਡੀ ਦਲ ਬਣੀਏ
ਮੁਕਾ ਦੇਈਏ
ਜ਼ੁਲਮ ਦੇ ਕੋਹੜ ਨੂੰ
ਏਕੇ ਵਿਚ ਬਡ਼ੀ ਤਾਕਤ ਹੁੰਦੀ
ਕਪੋਤਰਾਜ ਚਿਤਰਗਰੀਵ ਦੇ ਕਹੇ ਮੁਤਾਬਕ
ਕਬੂਤਰਾਂ ਵਾਂਗ
ਜਾਲ ਹੀ ਲੈਕੇ ਉੱਡ ਜਾਈਏ
ਸ਼ਰਾਫਤ
ਸਬਰ ਤੇ ਹਲੀਮੀ
ਨੂੰ ਦੁਸ਼ਮਣ ਡਰ ਸਮਝ ਰਿਹਾ
ਵੋਟ ਦੇ ਅਧਿਕਾਰ ਨਾਲ
ਦਿਖਾ ਦੇਈਏ
ਆਪਣੀ ਤਾਕਤ
ਤੇ ਉਹਦੀ ਅਸਲੀ ਥਾਂ