ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ

ਰਹਿੰਦੀ ਹਰ ਵੇਲੇ ਸੂਈ ਤੇਰੀ ਲਾਲ ਟੱਕ ਤੇ॥

ਮੱਖੀ ਬਹਿਣ ਨਾ ਤੂੰ ਦੇਵੇ ਹੰਕਾਰੀ ਨੱਕ ਤੇ॥

ਮੰਦੇ ਹਰ ਵੇਲ਼ੇ ਬੋਲੇ ਮੂੰਹ ਚੋ” ਬੋਲ ਮੂਰਖਾ॥

ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥

ਕਦੇ ਹੱਸਕੇ ਬੁਲਾਇਆ ਨੀਂ ਤੂੰ ਮਾਈ ਬਾਪ ਨੂੰ॥

ਜਰਾ ਟੋਲ ਕੇ ਤਾ ਵੇਖੀ ਆਪਣੇ ਚੋ’ ਆਪ ਨੂੰ॥

ਰਹਿੰਦਾ ਦੂਰ-ਦੂਰ ਹੋ ਕੇ ਵੀ ਤੂੰ ਕੋਲ ਮੂਰਖਾ॥

ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥

ਤੈਨੂੰ ਵੱਡੇ ਛੋਟਿਆ ਦਾ ਸਤਿਕਾਰ ਭੁੱਲਿਆ॥

ਜਮ੍ਹਾਂ ਸੱਚ ਦੱਸਾਂ ਤੈਨੂੰ ਨਿਰੰਕਾਰ ਭੁੱਲਿਆ॥

ਭਰੀ ਫਿਰਦਾ ਤੂੰ ਹੈਂਕੜ ਦਾ ਡੋਲ ਮੂਰਖਾ॥

ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥

ਫੂਕ ਜਾਊਗੀ ਨਿਕਲ ਫੁੱਲਿਆ ਗੁਬਾਰਾ ਜੋ॥

ਏਹੇ ਨਾਲ ਨਈਉਂ ਜਾਣਾ ਛੱਤਿਆ ਚਬਾਰਾ ਜੋ॥

ਇਸ ਦਮਾਂ ਨੂੰ ਨਾਂ ਮਾਇਆ ਨਾਲ ਤੋਲ ਮੂਰਖਾ॥

ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥

ਵੱਟ ਵੱਢ ਕੇ ਗੁਆਢੀ ਦੀ ਚਲਾਕ ਬਣਦੈ॥

ਖਾ ਕੇ ਮਾੜਿਆਂ ਦਾ ਹੱਕ ਉੱਤੋਂ ਸੀਨਾ ਤਣਦੈ॥

ਹੋਜੂ ਇੱਕ ਦਿਨ ਤੇਰੇ ਨਾ ਕਲੋਲ ਮੂਰਖਾ॥

ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥

ਤੈਨੂੰ ਮਿਲਿਆ ਹੈ ਸਮਾਂ ਬਿਲਕੁੱਲ ਸੀਂਮਤ॥

ਇਸ ਜਿੰਦਗੀ ਦੀ ਝੱਲਿਆ ਤੂੰ ਜਾਣ ਕੀਂਮਤ॥

ਐਵੇ ਜਨਮ ਮਨੁੱਖਾ ਨਾਂ ਤੂੰ ਰੋਲ ਮੂਰਖਾ॥

ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥

ਇੱਕੋਂ ਟੱਬਰ ਨੇ ਇੱਕੋ ਘਰ ਪੈਦਾ ਹੋਣਾ ਨਈ॥

ਵੇਲਾ ਖੁਸ ਗਿਆ ਮੁੜ ਫਿਰ ਹੱਥ ਆਉਣਾ ਨਈ॥

ਭੈਣ, ਭਾਈ, ਬੇਬੇ, ਬਾਪੂ ਅਨਮੋਲ ਮੂਰਖਾ॥

ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥

ਲਾਉਣੇ ਛੱਡਦੇ ਤੂੰ ਐਵੇਂ ਮਾੜਿਆਂ ਨੂੰ ਰਗੜੇ॥

ਵੰਡ ਮੋਂਹ ਦੀਆਂ ਤੂੰ ਤੰਦਾਂ ਵਾਧੂ ਛੱਡ ਝਗੜੇ॥

ਸਾਰਾ-ਸਾਰਾ ਦਿਨ ਫੋਨ ਨਾ ਫਰੋਲ ਮੂਰਖਾ॥

ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥

ਮੰਨ ਟੰਗੀ ਫਿਰੇ ਐਵੇ ਮਾਇਆ ਦੀ ਸਲੀਬ ਤੇ॥

ਰੋਅਬ ਝਾੜਦਾ ਤੂੰ ਨਿੱਤ ‘ਸੱਤਿਆ’ ਗਰੀਬ ਤੇ॥

ਤੇਰੇ ਦਿਲ ਵਿੱਚੋ ਜਾਦਾ ਕਿਉਂ ਨੀਂ ਪੋਲ ਮੂਰਖਾ॥

ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥

📝 ਸੋਧ ਲਈ ਭੇਜੋ