(ਗੁਰਪਿੰਦਰ ਦੇ ਨਾਂ)
ਤੂੰ ਕੋਲ ਸੀ ਤਾਂ ਇਹੋ ਸੀ ਇੱਛਾ ਮੇਰੀ
ਸ਼ਾਮ ਨੂੰ ਆਵਾਂ ਜਦੋਂ ਘਰ ਦਫ਼ਤਰੋਂ
ਹੋਵੇਂ ਤੂੰ ਦਹਿਲੀਜ਼ ’ਤੇ, ਖੋਲ੍ਹੇਂ ਦੁਆਰ
ਭਰ ਕੇ ਨਜ਼ਰਾਂ ਵਿੱਚ ਉਡੀਕ
ਬੁੱਲ੍ਹਾਂ ‘ਚ ਹਲਕੀ ਮੁਸਕਰਾਹਟ
ਇਉਂ ਹੀ ਹੁੰਦਾ ਸੀ ਅਕਸਰ
ਜੇ ਕਦੇ ਕੁਝ ਦੇਰ ਲੱਗਦੀ
ਪੁੱਛਦਾ : ਕਿੱਥੇ ਸੀ ਤੂੰ
ਸਹਿਜ ਹੁੰਦਾ ਸੀ ਸਦਾ ਤੇਰਾ ਜਵਾਬ:
ਪਿਛਲੇ ਵਿਹੜੇ ਵਿਚ
ਪਾਣੀ ਲਾ ਰਹੀ ਸੀ
ਘਾਹ ਨੂੰ, ਫੁੱਲ ਬੂਟਿਆਂ ਨੂੰ
ਸਬਜ਼ੀਆਂ ਦੀਆਂ ਕਿਆਰੀਆਂ ਨੂੰ
ਦੱਸੋ ਕੀ ਪੀਓਗੇ
ਠੰਡਾ ਸ਼ਰਬਤ ਜਾਂ ਸ਼ਿਕੰਜਵੀ
ਤੂੰ ਜੋ ਚਾਹੇਂ ਕੁਝ ਵੀ ਦੇ ਦੇ
ਨਾਲ ਆਪਣੀ ਮੁਸਕਰਾਹਟ
ਲਹਿ ਜਾਏ ਸਾਰਾ ਥਕੇਵਾਂ ਕੰਮ ਦਾ
ਪਰਤਦਾ ਘਰ ਖੁੱਲ੍ਹਦਾ ਬੂਹਾ
ਰਤਾ ਜੇ ਦੇਰ ਨਾਲ
ਪੁੱਛਦਾ : ਕਿੱਥੇ ਸੀ ਤੂੰ
ਸਹਿਜ ਹੁੰਦਾ ਸੀ ਬੜਾ ਤੇਰਾ ਜਵਾਬ:
ਲਾਹ ਰਹੀ ਸੀ ਤਾਰ ਉਤੋਂ ਕੱਪੜੇ
ਧੋ ਸਵੇਰੇ ਪਾਏ ਸੀ ਜੋ ਸੁੱਕਣੇ
ਦੱਸੋ ਕੀ ਪੀਓਗੇ
ਜੂਸ ਜਾਂ ਕਾਫ਼ੀ ਜਾਂ ਚਾਹ
ਜੋ ਤੇਰੀ ਮਰਜ਼ੀ ਹੈ ਦੇ ਦੇ
ਨਾਲ ਮੋਹ ਦਾ ਨਿੱਘ ਵੀ
ਲਹਿ ਜਾਏ ਸਾਰਾ ਥਕੇਵਾਂ ਕੰਮ ਦਾ
ਘਰ 'ਚ ਸਾਂਝੀ ਸ਼ਾਮ ਗੱਲਾਂ ਤੁਰਦੀਆਂ
ਜਾਂ ਫਿਰ ਆਪਾਂ ਤੁਰਦੇ ਨਿੱਕੇ ਸਫ਼ਰ ‘ਤੇ
ਵਿਚ ਬਜ਼ਾਰਾਂ ਕਰਦੇ ਨਿਕਸੁਕ ਦੀ ਖ਼ਰੀਦ
ਜਾਂ ਬੇਮਕਸਦ ਮਟਰਗਸ਼ਤੀ
ਭੀੜ ਵਿੱਚ ਗੁੰਮਣ ਦੀ ਲੋਚਾ
ਝੀਲ ਕੰਢੇ ਦੇਖਦੇ ਲਹਿ ਰਹੇ ਸੂਰਜ ਦੀ ਲਾਲੀ
ਤੇਰੇ ਚਿਹਰੇ ‘ਤੇ ਵੀ ਫਿਰ ਜਾਂਦੀ ਸੀ ਜੋ
ਦਸਤਕ ਦਿੰਦੇ ਜਾਂ ਕਿਸੇ ਮਿੱਤਰ ਦੇ ਘਰ
ਰਾਤ ਦੀ ਦਾਅਵਤ ਲਈ
ਦੇਣ ਲਈ ਆਪਣਾ ਬੁਲਾਵਾ ਜਾਂ ਕਦੇ
ਫਿਰ ਕਦੇ ਤੁਰਦੇ ਲੰਮੇਰੇ ਸਫ਼ਰ ‘ਤੇ
ਪਰਬਤਾਂ, ਨਦੀਆਂ ਤੇ ਚਸ਼ਮੇ, ਝਰਨਿਆਂ
ਪਾਰਕਾਂ, ਬਾਗਾਂ ਤੇ ਝੀਲਾਂ, ਸਾਗਰਾਂ
ਖ਼ੂਬਸੂਰਤ ਦ੍ਰਿਸ਼ਾਂ ਦਾ ਤੇ ਚਿਹਰਿਆਂ ਦਾ
ਖੋਲ੍ਹ ਕੇ ਦਿਲ ਸੀ ਸੁਹੱਪਣ ਮਾਣਦੇ
ਜ਼ਿੰਦਗੀ ਦੇ ਨਿੱਕੇ ਵੱਡੇ ਭੇਤ ਵੀ ਪਹਿਚਾਣਦੇ
ਰਲ ਕੇ ਤੁਰਦੇ ਉੱਚੇ ਨੀਵੇਂ ਰਸਤਿਆਂ ‘ਤੇ
ਸੀ ਕਦੇ ਖ਼ਾਮੋਸ਼ ਹੋ ਕੇ ਟਹਿਲਦੇ
ਖੁੱਲ੍ਹ ਕੇ ਹੱਸਦੇ ਕਦੇ ਸੀ ਬਹਿਸਦੇ
ਤਿੱਖੀਆਂ ਚੋਭਾਂ ਦੇ ਡੰਗ ਵੀ ਮਾਰਦੇ
ਝਗੜਦੇ ਤੇ ਰੁੱਸਦੇ ਗੁੱਸੇ ਭਰੇ
ਝੱਟ ਫਿਰ ਮੰਨਦੇ ਮਨਾਉਂਦੇ
ਕਈ ਸੁਰਾਂ ਵਿਚ ਜ਼ਿੰਦਗੀ ਦੇ ਗੀਤ ਗਾਉਂਦੇ
ਉਮਰ ਦੇ ਕਈ ਮੀਲ ਪੱਥਰ ਛੱਡ ਪਿੱਛੇ
ਅਗਲਿਆਂ ਵਲ ਸਰਕਦੇ
ਫਿਰ ਅਚਾਨਕ ਮੌਤ ਝਪਟੀ ਬਾਜ਼ ਵਾਂਗ
ਪੰਜੇ ਫਸਾ ਕੇ ਲੈ ਗਈ ਤੈਨੂੰ ਉੜਾ
ਪਾਣੀਆਂ ਵਿਚ ਰਲਣ ਜੋਗੀ
ਰਾਖ ਬਾਕੀ ਰਹਿ ਗਈ
ਜਾਂ ਫਿਰ ਸਦਮੇ ਦੀ ਭੰਨੀ ਰੂਹ ਮੇਰੀ
ਤੇ ਮੇਰੀ ਹਿੱਕ ਦਾ ਖਿਲਾਅ
ਪਰਤਦਾ ਹੁਣ ਵੀ ਘਰ ਨੂੰ ਸ਼ਾਮ ਵੇਲੇ ਦਫ਼ਤਰੋਂ
ਖੋਲ੍ਹਦਾ ਹਾਂ ਆਪ ਹੀ ਇਸ ਦੇ ਦੁਆਰ
ਘੁੰਮਦਾ ਹਾਂ ਕਮਰਿਆਂ ਵਿੱਚ ਹੋ ਉਦਾਸ
ਭਾਲਦਾ ਤੈਨੂੰ ਰਸੋਈ ਵਿਚ ਜਾ ਕੇ
ਤੂੰ ਨਹੀਂ ਹੁੰਦੀ ਕਿਤੇ ਵੀ
ਪਿਛਲੇ ਵਿਹੜੇ ਵਿਚ ਵੀ ਨਹੀਂ
ਕਿੱਥੇ ਹੈਂ ਤੂੰ
ਮੇਰੇ ਸਾਹਾਂ ‘ਚੋਂ ਨਿਕਲਦਾ ਹੈ ਸਵਾਲ
ਤੇ ਖਿਲਾਅ ਵਿਚ ਲਟਕਿਆ ਰਹੇ ਦੇਰ ਤਕ
ਹੁਣ ਕਦੇ ਦੇਣਾ ਨਹੀਂ ਤੂੰ
ਏਸ ਦਾ ਕੋਈ ਜਵਾਬ