ਕਿੱਥੇ ਜਾਵਾਂਗੇ ਹੁਣ

ਕਿੱਥੇ ਜਾਵਾਂਗੇ ਹੁਣ

ਘਰ ਘਰਾਂ ਚੋਂ ਬਾਹਰ ਨੂੰ ਟੁਰ ਪਏ ਹਨ

ਇਸ ਮੌਸਮ ਵਿੱਚ

ਘਰ ਮਕਾਨ ਬਣ ਜਾਂਦੇ ਹਨ

ਇੱਟਾਂ ਜੋਗੇ ਹੀ ਰਹਿ ਜਾਂਦੇ ਨੇ ਸੁਫ਼ਨੇ 

ਚਿਰ ਹੋਇਆ 

ਪਹਿਚਾਣ ਲੈਂਦੇ ਸਨ 

ਘਰ ਗਿਆਂ ਨੂੰ ਕਦੇ 

ਬੇਪਛਾਣ ਜ਼ਿੰਦਗੀ ਵਿਚ ਸੰਗੀਤ ਨਹੀਂ ਵਸਿਆ ਰਹਿੰਦਾ 

ਘਰ ਹੁਣ ਬੁੱਢੇ ਹੋ ਗਏ ਹਨ

ਪੈਰਾਂ ਹੇਠੋਂ ਪੈੜਾਂ ਮਿਟ ਗਈਆਂ ਹਨ

ਤਲੀਆਂ ਚੋਂ ਤਕਦੀਰਾਂ ਖੁਰ ਗਈਆਂ ਹ‌ਨ

ਵਿਹੜੇ ਵਿਚ ਪਿੱਤਰਾਂ ਦੇ ਪਰਛਾਵੇਂ

ਘੁੰਮ ਰਹੇ ਹਨ

ਗਲੀਆਂ ਵਿਚ ਸਹਿਮ ਗੇੜੇ ਮਾਰਦਾ ਹੈ 

ਕਿੱਲੀਆਂ ਤੋਂ ਤਸਵੀਰਾਂ ਡਿੱਗ ਪਈਆਂ ਹਨ

ਪੋਟਿਆਂ ਸਮਾਂ ਨਹੀਂ ਰਿਹਾ 

ਚੇਤੇ ਹੀ ਦੋਸਤ ਸੈਰ ਕਰਦੇ ਮਿਲਦੇ ਹਨ

ਨਸੀਬ ਤਾਂ ਵਿਹੜੇ ਚੋਂ

ਬਹੁਤ ਚਿਰ ਹੋਇਆਂ 

ਚੀਂ ਚੀਂ ਕਰਦੀਆਂ ਚਿੜੀਆਂ ਲੈ ਗਈਆਂ ਸਨ

ਤੇ ਮਾਸੀਆਂ ਮਾਮੀਆਂ ਦੇ ਸੁਨੇਹੇ 

ਮੁੜ ਕੇ ਕਾਂ ਨਹੀਂ ਦੇਣ ਆਏ  

ਸੁਨੇਹਿਆਂ ਬਗੈਰ ਰੀਝਾਂ ਨਹੀਂ ਉਗਮਦੀਆਂ

ਖਾਬਾਂ ਬਿਨ ਪਹਿਰ ਨਹੀਂ ਉਣ ਹੁੰਦੇ 

ਸ਼ੀਸ਼ਾ ਤਾਂ ਦੀਵਾਰ ਤੋਂ 

ਓਦਣ ਹੀ ਤਿੜਕ ਗਿਆ ਸੀ 

ਜਦੋਂ ਬੀ ਜੀ ਨਹੀਂ ਸੀ ਆਈ

ਕਿਸੇ ਵੀ ਪਾਸਿਉਂ 

ਨਾ ਹੀ ਕਿਸੇ ਨੇ ਬੂਹਾ ਖੋਲ੍ਹਿਆ ਸੀ 

ਦਰਾਂ ਤੇ ਬੰਦ ਬੂਹੇ 

ਕਿਹਦੇ ਨਾਲ ਗਲਵੱਕੜੀ ਪਾਉਣ 

ਲਿਸ਼ਕ ਨਹੀਂ ਰਹੀ ਨਜ਼ਰ ਵਿੱਚ 

ਅਉਧ ਹੰਢਾਉਂਦੇ ਕੱਲੇ ਵੈਰਾਗੇ

ਢੱਠੇ ਘਰਾਂ ਦੀਆਂ ਚੋਂਦੀਆਂ ਛੱਤਾਂ

ਸਿਰਫ ਲੱਪ ਕੁ ਰਿਸ਼ਮਾਂ ਹੀ 

ਬਖਸ਼ਣ ਜੋਗੀਆਂ ਰਹਿ ਗਈਆਂ 

ਜੇ ਬੀ ਜੀ ਘਰ ਹੋਏ

ਤਾਂ ਉਹਨਾਂ ਨੇ ਵੀ ਹੈਰਾਨ ਹੋ ਜਾਣਾ ਸੀ

ਪੁੱਤ ਬਾਪ ਤੋਂ ਬੁੱਢਾ ਕਿਵੇਂ ਹੋ ਗਿਆ 

ਕਿਹੜੇ ਇਹਨੂੰ ਝੋਰੇ ਖਾ ਗਏ 

ਕਿਹਦੀਆਂ ਲੱਗੀਆਂ ਇਹਨੂੰ ਬਦ-ਦੁਆਵਾਂ

ਮੇਰਾ ਸੋਹਣਾ ਪੁੱਤ ਕਿੱਡਾ ਜੁਆਨ ਹੁੰਦਾ ਸੀ

ਇਹ ਸੋਚ ਲੈ ਕੇ 

ਕਿੱਦਾਂ ਜਾਂਵਾਂਗਾ ਪਿੰਡ ਨੂੰ 

ਕਿਹਨੂੰ ਵਿਖਾਵਾਂਗਾ ਇਹ ਬੁਝਿਆ ਹੋਇਆ ਚਿਹਰਾ 

ਬੁੱਢੇ ਵਕਤ 

ਡੰਗੋਰੀਆਂ ਲੈ ਛੁਪ ਗਏ ਹੋਣੇ 

ਰੱਬ ਅੱਗੇ ਕਦੇ ਨਹੀਂ ਮਿਲਿਆ 

ਹੁਣ ਕਿੱਥੋ ਭਾਲਾਂਗਾ

ਸਵੇਰਿਆਂ ਸੂਰਜ ਨਹੀਂ ਹੋਣੇ

ਸ਼ਾਮਾਂ ਦੀਵਿਆਂ ਨੂੰ ਤਰਸਦੀਆਂ ਹੋਣਗੀਆਂ 

ਸੜਕ ਦੇ ਮੋੜਾਂ ਤੇ ਗੋਲੀਆਂ ਉਡੀਕਦੀਆਂ ਹੋਣੀਆਂ

ਮਾਂ ਕਿਤੇ ਜੂੜਾ ਕਰ ਰਹੀ ਹੋਣੀ 

ਲਾਡਲੇ ਦਾ ਆਖਰੀ ਵਾਰ 

ਬਾਪੂ ਹਿੱਕ ਨੂੰ ਲਾ ਕੇ ਬੈਠਾ ਹੋਣਾ

ਪੁੱਤ ਦੇ ਸੱਜਰੇ ਫੁੱਲ

ਗੁਆਚਾ ਬਚਪਨ ਝਾਕੇਗਾ 

ਰਾਹਾਂ ਤੇ ਰੁੱਖਾਂ ਚੋਂ

ਯਾਰ ਲੰਘਣਗੇ ਨੇੜਿਓਂ ਦੀ 

ਮੱਥੇ ਤੇ ਹੱਥ ਧਰ ਕੇ ਪਛਾਣਦੇ ਮਿਲਣਗੇ 

ਖੇਡਾਂ ਯਾਦ ਆਉਣਗੀਆਂ 

ਇਕੱਠਿਆਂ ਨੇ ਖੇਡੀਆਂ 

ਭੁੱਲ ਜਾਣਗੇ ਹਾਸੇ ਠੱਠੇ

ਅੱਖਾਂ ਨਮ ਹੋਣ ਲਈ 

ਹੰਝੂ ਲੱਭਣਗੀਆਂ

ਬਾਂਹਾਂ ਉੱਠਣਗੀਆਂ ਤਾਂ ਸਹੀ 

ਪਰ ਉਹਨਾਂ ਚੋਂ ਮੋਹ ਮਰਿਆ ਹੋਵੇਗਾ

ਬੁੱਲ੍ਹ ਮੁਸਕਰਾਹਟ ਟੋਲਣਗੇ

ਦੋਸਤਾਂ ਨੂੰ ਧਰਵਾਸ ਦੇਣ ਲਈ

 

ਯਾਰਾਂ ਦਾ ਮੋਹ ਤਾਂ ਬਹੁਤ ਆਵੇਗਾ

ਪਰ ਯਾਰੀ ਦੀ ਤੜਾਗੀ 

ਟੁੱਟ ਗਈ ਕਿਤੇ ਦੂਰ ਡਿੱਗੀ ਦਿਸੇਗੀ 

ਡੁੱਸਕਣਗੀਆਂ ਤਾਂ ਸਹੀ ਪਲਕਾਂ 

ਭਾਵੇਂ ਪਲ ਭਰ ਲਈ ਹੀ ਸਹੀ

ਪਰ ਹੰਝੂ ਨਹੀਂ ਲੱਭਣਗੇ ਅੱਖਾਂ 'ਚੋਂ

ਚਿਰਾਂ ਦੇ ਗੁਆਚੇ ਪੁਰਾਣੀ ਯਾਰੀ ਵਾਲੇ 

ਹੰਝੂ ਨਾ ਹੋਣ ਤਾਂ

ਹਿੱਕਾਂ ਤੋਂ ਭਾਰ ਨਹੀਂ ਤਿਲਕਦਾ

ਰੂਹਾਂ ਮੁੜ ਓਨੀਆਂ ਨਹੀਂ ਜਗਦੀਆਂ 

ਚਾਚੀਆਂ ਤਾਈਆਂ ਮੱਥਾ ਚੁੰਮਣਗੀਆਂ

ਪਿਆਰ ਦੇਣਗੀਆਂ ਚੁੰਨੀ ਦੇ ਪੱਲੇ ਨਾਲ ਹੱਥ ਪੂੰਝ ਪੂੰਝ ਕੇ

ਪਰ ਮੱਥੇ ਵਿਚਲੀ ਰੌਸ਼ਨੀ ਨੂੰ ਨਹੀਂ  ਸਮਝ ਸਕਣਗੀਆਂ

ਬੁੱਢੇ ਵਕਤ 

ਅੰਤਿਮ ਸਮੇਂ ਦੀ ਉਡੀਕ ਕਰਦੇ

ਅਤੀਤ ਦੀ ਕਥਾ ਸੁਣਾਉਂਦੇ

ਭਲਿਆਂ ਵੇਲੇ ਦੀ ਗੱਲ ਕਰਦੇ ਮਿਲਣਗੇ

"ਪੁੱਤ ਜਿਉਂਦਾ ਰਹਿ ਵੱਡੀ ਉਮਰ ਹੋਵੇ ਤੇਰੀ" ਕਹਿ ਕੇ ਲੰਘ ਜਾਣਗੇ ਕੋਲ ਦੀ

ਕਿੱਥੋਂ ਲੱਭਾਂਗਾ

ਰਾਖ਼ ਹੋ ਗਏ ਅਸੀਸਾਂ ਵਾਲੇ ਹੱਥ

ਕਬਰਾਂ ਜਗਦੇ ਬੁਝਦੇ ਦੀਵਿਆਂ ਚੋਂ

ਕਿਵੇਂ ਪਛਾਣਾਂਗਾ 

ਮਾਂ ਬਾਪੂ ਵਾਲਾ ਚੰਦਰਮਾ

ਬਲਦੀਆਂ ਚਿਖ਼ਾਵਾਂ

ਕਿੱਥੇ ਪਛਾਣਦੀਆਂ ਹਨ

ਆਪਣੇ ਬੁਝ ਗਏ ਸਿਤਾਰਿਆਂ ਨੂੰ 

ਸਿਵਿਆਂ ਦੀ ਰਾਖ 

ਕਦ ਕਰਦੀ ਹੈ ਵਾਪਸ 

ਗੁਆਚੇ ਸੁਪਨਿਆਂ ਨੂੰ 

ਆਪਣੇ ਉੱਜੜੇ ਘਰ

ਸੁੰਨੀਆਂ ਦੀਵਾਰਾਂ ਤੋਂ 

ਕਿੱਦਾਂ ਲੱਭਾਂਗਾ 

ਟੰਗੇ ਫ਼ਟੇ ਪੁਰਾਣੇ ਝੱਗੇ ਪਜਾਮੇ

ਪਾਪਾ ਬੀਜੀ ਦੀ ਫੋਟੋ

ਤੇ ਕੇਰਨ ਨੂੰ ਕਿੱਥੋਂ ਭਾਲਾਂਗਾ ਅੱਥਰੂ

ਆਪਣੀ ਪੁਰਾਣੀ ਫੋਟੋ ਤੋਂ

ਕਿੰਝ ਚੁੱਕ ਕੇ ਲਿਆਵਾਂਗਾ ਅੱਖਾਂ 

ਪੰਘੂੜੇ ਚੋਂ ਕਿੰਝ ਲੱਭਾਂਗਾ

ਗੁਆਚੇ ਤੋਤਲੇ ਗੀਤ ਤੇ ਝੂਟੇ 

ਛੱਤਾਂ ਤੇ ਗੁੰਮ ਹੋਈਆਂ ਬਾਤਾਂ 

ਤੇ ਚੋਰ ਸਿਪਾਹੀ 

ਰਹਿਰਾਸ ਜਦ ਸ਼ੁਰੂ ਹੋਵੇਗੀ

ਕਬਰਾਂ ਤੇ ਚਿਰਾਗ ਜਗਣਗੇ

ਸੁੰਨਿਆਂ ਬੂਹਿਆਂ ਦਾ ਚੇਤਾ ਸਤਾਵੇਗਾ

ਯਾਦਾਂ ਵਿਚ ਵਸੇਗਾ ਉੱਜੜਿਆ ਪਿੰਡ 

ਜਾਂ ਉਹ ਜਿਹੜੇ ਮੇਰੇ ਅੰਬਰਾਂ ਵਰਗੇ ਸਨ

ਇਸ ਸਮੇਂ ਇਕੱਲਾ ਵਕਤ ਨੂੰ

ਹੱਥਾਂ ਵਿਚ ਫੜ ਕੇ ਬੈਠਾ ਹੋਵਾਂਗਾ 

ਤੇ ਜਦੋਂ ਅੱਖਾਂ ਖੁੱਲ੍ਹਣਗੀਆਂ

ਤਾਂ ਸੱਭ ਸੁਪਨੇ ਖੁਰ ਜਾਣਗੇ 

ਰੇਤ ਵਾਂਗ ਕਿਰ ਜਾਵੇਗਾ

ਮਸਾਂ ਮਸਾਂ ਮੁੜ ਉੱਸਰਿਆ ਨਗਰ 

ਧਰਤੀ ਤੇ ਸੁੱਕ ਜਾਣਗੇ 

ਕਿਰ ਦੋ ਕੁ ਬਚੇ ਹੰਝੂ 

ਬਹੁਤ ਮੁਸ਼ਕਲ ਹੋ ਗਿਆ ਹੈ

ਹੁਣ ਬਚਪਨ ਨੂੰ ਨਾਲ ਲੈ ਕੇ ਗਲੀਆਂ ਵਿਚ ਨੱਚਣਾ ਖੇਡਣਾ

ਯਾਰਾਂ ਨਾਲ ਛੁਪ ਛੁਪ ਕੇ 

ਪੱਕੇ ਪੱਕੇ ਬੇਰ ਤੋੜਨੇ 

ਬੇਰੀਆਂ ਮਲਿਆਂ ਦੇ 

ਵਿਹੜੇ ਨੱਚਦੇ ਹੱਸਦੇ ਨਹੀਂ ਨਾਲ

ਸ਼ੀਸ਼ਾ ਤਿੜਕ ਗਿਆ ਹੈ ਦੀਵਾਰ ਤੋਂ 

ਯਾਰ ਲੱਭਦੇ ਨਹੀਂ ਮੀਟੀ ਦੇਣ ਵੇਲੇ 

ਕਿੱਥੇ ਜਾਵਾਂਗੇ ਹੁਣ

ਘਰ ਘਰਾਂ ਚੋਂ ਗੁਆਚ ਗਏ ਹਨ

ਬੰਦ ਬੂਹੇ ਕਦ ਮਿਲਦੇ ਹਨ

ਮਾਂ ਬਾਪੂ ਵਾਂਗ ਬਾਂਹਾਂ ਲੈ ਕੇ 

ਬਚਪਨ ਦੀਆਂ ਪੈੜਾਂ

ਕਦ ਲੱਭਦੀਆਂ ਹਨ

ਯਾਰਾਂ ਵਾਂਗ ਮੜਕ ਨਾਲ ਤੁਰਨ ਲਈ

📝 ਸੋਧ ਲਈ ਭੇਜੋ