ਕਿੱਥੇ ਮਰਦੀਆਂ ਨੇ
ਮੱਥਿਆਂ 'ਚ ਖੁਣੀਆਂ ਯਾਦਾਂ
ਰਾਤਾਂ 'ਚੋਂ ਨਾ ਸੌਣ ਦੇਣ ਵਾਲੀਆਂ
ਪਲ ਪਲ ਉੱਠਦੀਆਂ ਚੀਸਾਂ
ਮੁਲਾਕਾਤਾਂ ਵਰਗੀਆਂ ਘੜੀਆਂ
ਘਾਵਾਂ ਦੀਆਂ ਤਰਿੜਾਂ ਤੋੜ ਤੋੜ
ਕੀਤੇ ਟੁੱਟਦੇ ਜੁੜ੍ਹਦੇ ਵਾਅਦੇ
ਚੌਦਵੀਂ ਦੀ ਚਾਨਣੀ ਵਰਗੇ
ਵਿਲਕਦੇ ਲਿਸ਼ਕਦੇ 'ਕੱਲੇ ਰਹਿ ਗਏ ਪਹਿਰ
ਕਿਤਾਬਾਂ ਦੇ ਸਫਿਆਂ ਚ ਸੁੱਕ ਸੜ ਗਏ
ਤੇਰੀਆਂ ਉਡੀਕਾਂ ਵੱਲ ਦੇਖਦੇ
ਗੁਲਾਬੀ ਉਨਾਬੀ ਕਈ ਫੁੱਲ
ਕੀ ਹਾਲ ਹੋਇਆ ਹੋਵੇਗਾ
ਉਹਨਾਂ ਰੰਗੀਨ ਰੂਹਾਂ ਪੱਤੀਆਂ ਦਾ
ਜੋ ਆਪਣੀਆਂ ਆਂਦਰਾਂ ਦਾ ਖੂਨ ਵਹਾ ਕੇ
ਓਸੇ 'ਚ ਹੀ ਡੁੱਬ ਡੁੱਬ ਮਰਦੀਆਂ ਰਹੀਆਂ
ਤੂੰ ਕੀ ਜਾਣੇ
ਪਲ ਪਲ ਵਹਿੰਦੇ ਅਜਾਈਂ ਖੂਨ ਦੀ ਗਾਥਾ
ਜ਼ਰਾ ਜ਼ਰਾ ਹੋ ਕੇ ਮਰੇ ਪਲ ਪਹਿਰਾਂ ਦੇ ਟੁੱਕੜੇ
ਜਿਹਨਾਂ ਨੇ ਮੁੜ ਕਦੇ ਨਹੀਂ ਸੀ
ਜੁੜ ਕੇ ਜ਼ਿੰਦਗੀ ਜਿਊਣੀ
ਜੋ ਯਾਦਾਂ 'ਚ ਜ਼ਖਮੀ ਹੁੰਦੇ ਨੇ
ਕਦੇ ਵੀ ਅਰਾਮ ਨਾਲ ਨਹੀਂ ਸੁੱਤੇ ਵਕਤ
ਜੋ ਉਡੀਕਾਂ 'ਚ ਖੁਰਦੇ ਨੇ
ਕਦੇ ਨਹੀਂ ਲਿਸ਼ਕੇ ਅੰਬਰਾਂ 'ਚ ਮੁੜ ਕੇ
ਮੁਹੱਬਤ ਕੋਈ ਖੇਡ ਨਹੀਂ ਹੁੰਦੀ
ਕਿ ਖੇਡ ਕੇ ਘਰਾਂ ਨੂੰ ਪਰਤ ਜਾਓ
ਕੋਈ ਖਿਡੌਣਾ ਨਹੀਂ ਕਿ
ਟੁੱਟ ਗਿਆ ਤਾਂ ਜੁੜ ਜਾਵੇਗਾ ਦੁਬਾਰਾ
ਤੂੰ ਤਾਂ ਦੁਪਹਿਰ ਵਾਂਗ ਖਿੜ ਕੇ
ਛੁਪ ਗਈ ਮੁਲਾਕਾਤਾਂ ਚੋਂ
ਚਾਨਣੀ ਵਿਛਾ ਉਡ ਗਈ
ਰੋਂਦੀਆਂ ਰਾਤਾਂ 'ਚੋਂ
ਹਿੱਕ 'ਚ ਲੁਕਾ ਸੂਰਜ
ਟੁਰ ਗਈ ਪਰਭਾਤਾਂ 'ਚੋਂ