ਕਿੱਥੇ ਰੱਖ ਦੇਵਾਂ

ਕਿੱਥੇ ਰੱਖ ਦੇਵਾਂ

ਟੁੱਟੀਆਂ ਵੰਗਾਂ ਦੇ ਟੋਟੇ

ਕਿੰਜ਼ ਮੋੜ ਲਿਆਵਾਂ

ਬੋਹੜ ਦੀ ਓੜ

ਬਿਤਾਈਆਂ ਘੜੀਆਂ

ਬੈਠੇ 2 ਘੁੱਟੇ

ਉਂਗਲੀਆਂ ਦੇ ਪੋਟੇ

ਤੇ ਮਸਾਂ 2 ਕਿਰਦੇ ਰੋਕੇ- ਸਾਹ

ਮੁਹੱਬਤ ਨੇ ਡੀਕ ਲਈ

ਜੁਆਨੀ ਦੀ ਦੁਪਹਿਰ

ਤੇ ਸੂਹੀ ਜੇਹੀ ਸ਼ਾਮ

ਰੁਲ ਗਈ ਤੇਰੇ ਪਿੰਡ ਦੀ ਜੂਹ ਕਿਤੇ

ਲੇਖਾ ਦੇ ਦਿਤਾ ਸਾਰਾ ਇਸ਼ਕ ਨੂੰ

ਯਾਦਾਂ ਵੀ ਬੰਦਾ ਕਿੰਨੀਆਂ ਕੁ ਸੁੱਕਣੇ ਪਾਵੇ

ਹੱਡੀਆਂ ਦੇ ਛਾਪੇ ਟਿਕਾ 2 ਕੇ

ਕਿੱਥੇ ਹੂੰਝ ਹੁੰਦੇ ਨੇ ਦਰ ਇਸ਼ਕ ਦੇ

ਕੱਲੀਆਂ ਉਡੀਕਾਂ ਦੇ ਤੀਲਿਆਂ ਨਾਲ

ਝਾਂਜ਼ਰ ਛਣਕਾਵਾਂ ਤਾਂ ਕਿਹਦੇ ਲਈ

ਸੁਰਮਾਂ ਪਾਵਾਂ ਤਾਂ ਅੱਖ ਪੁੱਛਦੀ ਹੈ ਕਈ ਸਵਾਲ

ਜੌਬਨ ਦੀ ਰੁੱਤ ਆਈ

ਤਾਂ ਨੇੜੇ ਹੋ ਕੇ ਨਾ ਤੱਕ ਹੋਈ

ਪਲਕਾਂ ਤੋਂ ਹੰਝੂ ਪੂੰਝਦਿਆਂ

ਜਦ ਤੇਰਾ ਚੇਤਾ ਆਉਂਦਾ ਹੈ-

ਤਾਂ ਚੂਰੀ ਕੁੱਟਦੀ ਨੂੰ ਭਾਬੀ ਪੁੱਛਦੀ ਹੈ

ਦਿਨੇ ਤਾਰਿਆਂ ਦੀ ਆਸ ਨਹੀਂ ਰੱਖੀਦੀ

ਜਰਾ ਕੁਵੇਲਾ ਹੋ ਲੈਣ ਦੇ

ਚੜ੍ਹ ਜਾਣਾ ਹੈ ਚੰਨ ਕਿਤਿਓਂ

ਵਗ ਪੈਣੀ ਹੈ ਪੱਛੋਂ ਵੀ-

ਉੱਠ ਪਹਿਲਾਂ ਵਾਲ ਸੁਆਰ ਲੈ

ਧੁੱਪ ਦਾ ਪਾਸਾ ਪਰਤ ਦੇ

ਜਦੋਂ ਸ਼ਾਮ ਨੂੰ ਅੱਗ ਵਰ੍ਹੀ

ਤਾਂ ਸਿਰ ਢਕ ਲਵੀਂ-ਇਹਦੇ ਸੇਕ ਨਾਲ

ਬਹੁਤ ਤਿਲਕੇ ਨੇ ਇਸ ਰਾਹ ਤੋਂ

ਜਰਾ ਸੰਭਲ ਕੇ ਤੁਰੀਂ

ਥੋੜਾ ਜੇਹਾ ਤਰਨਾ ਵੀ ਸਿੱਖ ਲੈ

ਪੜ੍ਹਨੀ ਵੀ ਸਿੱਖ ਲਈਂ

ਉਹ ਕਿਤਾਬ-

ਜਿਸ 'ਚ ਗੁਲਾਬ ਪੱਤੀਆਂ ਸੁੱਕੀਆਂ ਪਈਆਂ ਹਨ ਅਜੇ

ਨਾ ਬੋਲਦੀਆਂ ਹਨ, ਨਾ ਹੀ ਦਿੱਲ ਖੋਲ੍ਹਦੀਆਂ ਹਨ

ਨਾ ਕਿਤੇ ਉਹ ਹਾਸੇ ਨਜ਼ਰ ਆਉਂਦੇ ਹਨ

ਤੇ ਨਾ ਹੀ ਤੇਰੀਆਂ ਮੁਸਕਰਾਟਾਂ

ਕਿੰਨੀ ਕੁ ਵਾਰੀ ਕੋਈ

ਤੇਰੇ ਖੁੱਲ੍ਹਦੇ ਬੂਹਿਆਂ ਵੱਲ ਤੱਕਦਾ ਰਹੇ

ਕਿੱਥੇ ਕੋਈ ਸਾਂਭ ਕੇ ਰੱਖੇ

ਤੇਰੇ ਪੱਬਾਂ ਦੇ ਨਿਸ਼ਾਨ

ਹਿੱਕ ਖੁਰ ਚੱਲੀ ਹੈ-

ਖੁੱਲ੍ਹੇ ਵਾਲਾਂ ਉਲਝ ਗਈ ਹੈ

ਤੇਰੇ ਮਿਲਣ ਦੀ ਆਸ

ਪੱਛਮ ਵੱਲੋਂ ਜੇ 'ਵਾ ਕਦੇ ਆਉਂਦੀ ਵੀ ਹੈ

ਤਾਂ ਬਹੁਤ ਠਾਰਦੀ ਹੈ

ਪਲਕਾਂ ਤੋਂ ਡਿੱਗ 2 ਮਰ ਜਾਂਦੇ ਨੇ

ਕਈ ਅਧੂਰੇ ਸੁਪਨੇ

ਤੇ ਵੰਗਾਂ ਦੇ ਟੁੱਕੜੇ ਰੋਂਦੇ ਨਹੀਂ ਵਿਰਦੇ

ਕਿਹੜੇ ਰੰਗ ਦੀ ਚੁੰਨੀ ਲੈ ਕੇ

ਤੇਰੀ ਇਸ਼ਕ ਦਰਗਾਹ ਕੋਲ ਦੀ ਲੰਘਾਂ

ਤੇ ਕਿਹੜੇ ਰੰਗ ਦੀ ਰੰਗਾਵਾਂ

ਚੁੰਨੀ ਅਗਲੀ-

ਰਾਤਾਂ ਨੂੰ ਆਣ ਜਗਾਵਣ

ਬੋਲ ਤੇਰੇ ਸਾਹਵਾਂ ਦੇ

ਨੀਂਦਾਂ ਨਿੱਤ ਚੇਤੇ ਰੱਖਣ

ਤਾਰੇ ਤੇਰੇ ਰਾਹਵਾਂ ਦੇ

ਸਾਂਵਲੀ ਜੇਹੀ ਰੇਤਾ ਉੱਤੇ

ਲਿਖਿਆ ਕੱਲ ਨਾਂ ਤੇਰਾ

ਝਾਉਲਾ ਜੇਹਾ ਪਿਆ ਵੇ ਤੇਰਾ

ਹਿੱਕ ਤੇ ਪਰਛਾਂ ਤੇਰਾ

ਦੱਸ ਹੁਣ ਕਿਹਦੇ ਤੋਂ ਪੁੱਛਾਂ

ਸਿਰਨਾਵਾਂ ਤੇਰੇ ਗੀਤਾਂ ਦਾ

ਜੂਹਾਂ 'ਚ ਰੁਲਦੀਆਂ ਸੱਧਰਾਂ

ਜ਼ਖ਼ਮੀਂ ਹੋਈਆਂ ਪਰੀਤਾਂ ਦਾ

📝 ਸੋਧ ਲਈ ਭੇਜੋ