ਰੌਸ਼ਨੀ ਅਜ ਫੇਰ ਲੁਕਦੀ ਜਾ ਰਹੀ ਏ ।
ਪਾਣੀ ਦੇ ਰਗ ਰੇਸ਼ੇ 'ਚ ਰਚਿਆ ਹੋਇਆ ਸ਼ਿੰਗਰਫ ਫਿਰ
ਕਾਲਾ ਪੈ ਰਿਹਾ ਹੈ।
ਬਦਲਾਂ ਦੀਆਂ ਬਰੀਕ ਨਾੜਾਂ ਵਿਚ
ਨਰੋਈਆਂ ਕਿਰਨਾਂ ਦੀ ਰਤ
ਕਾਲਕੂਟ ਵਿਹੁ ਬਣਦੀ ਜਾ ਰਹੀ ਹੈ ।
ਪਹਾੜ ਦੀ ਸਿਖਰ ਤੇ ਖਿੱਲ ਸੁਹਾਗੇ ਵਰਗੀ ਚਿੱਟੀ ਬਰਫ਼
ਧੁਆਂਖੀ ਜਾ ਰਹੀ ਹੈ।
ਸੰਘਣੇ ਚੀਲ-ਬਨ ਦੀ ਹਿਕ 'ਚੋਂ ਨੋਕੀਲੀਆ ਕਿਰਨਾਂ
ਖਿੱਚੀਆਂ ਜਾ ਰਹੀਆਂ ਨੇ।
ਚੀਲ ਉਦਾਸ ਤੇ ਚੁਪ ਨੇ;
ਪੰਛੀਆਂ ਦਾ ਸੰਗੀਤ ਵੀ ਇਸ ਸਹਿਮ 'ਚ
ਜਮਦਾ ਜਾ ਰਿਹਾ ਹੈ।
ਹੈ ਚਾਲ ਪਹਿਚਾਨੀ ਜਹੀ ।
ਜੇ ਕਦੀ ਇਕ ਵੇਰ ਕਰ ਸੱਕਾਂ ਕਫ਼ਨ ਨੂੰ ਤਾਰ ਤਾਰ
ਜੇ ਕਦੀ ਪੱਥਰ ਜ਼ਬਾਂ ਸੱਕੇ ਉਗਲ ਆਪਣੇ ਅੰਗਾਰ
ਉਂਞ ਤਾਂ ਸਾਰੀ ਉਮਰ ਹਾਂ ਬਕਦਾ ਰਿਹਾ,ਬਕਦਾ ਰਿਹਾ,
ਨੀਲ ਆਪਣੇ ਜਿਸਮ ਦੇ ਜਗ ਨੂੰ ਵਿਖਾਉਂਦਾ ਹਾਂ ਰਿਹਾ;
ਪਰ ਭਰੇ ਮਜਮੇ 'ਚ ਜੇ
ਉਠ ਸਕੇ ਲਾਸ਼ੇ ਦੀ ਉਂਗਲ ਸਿਰ ਝੁਕੇ ਦੋਸ਼ੀ ਦੇ ਵਲ,
ਤਾਂ ਅਸਰ ਕੁਝ ਹੋਰ ਹੈ।
ਕੀ ਸਮਾ ਜਾਏਗਾ ਨਾ ਧਰਤੀ 'ਚ ਇਹ, ਜੇ ਮੈਂ ਕਹਾਂ :
ਓ ਚਾਂਦੀ ਸੋਨੇ ਦੇ ਖ਼ੁਦਾ,
ਕਿਉਂ ਪਿਘਲਦੀ ਜਾ ਰਹੀ ਤੇਰੀ ਨਿਗਾਹ ?
ਕਿਸ ਲਈ ਹਟਕੋਰਿਆਂ ਦਾ ਸਾਂਗ ਇਹ,
ਕਿਉਂ ਸਰਦ ਆਹ ?
ਤੇਰਾ ਦਿਲ ਵੀ ਹੈ ਕਿਸੇ ਝੂਠੀ ਤਸੱਲੀ ਦਾ ਮੁਥਾਜ ?
ਫ਼ਾਕਿਆਂ ਦੇ ਨਾਲ ਕਰ ਸੁੱਟਿਆ ਬਦਨ ਮੇਰਾ
ਤੂੰ ਘੁਣ-ਖਾਧਾ ਸ਼ਤੀਰ
ਤੇ ਮੇਰੀ ਉਹ ਰੂਹ ਅਮੀਰ
ਜਿਸ ਤੇ ਮੈਨੂੰ ਮਾਣ ਸੀ
ਰੋਜ ਏਦਾਂ ਤੜਪ ਕੇ ਬੁਝਦੀ ਗਈ
ਰੋਜ਼ ਏਦਾਂ ਤੜਪ ਕੇ ਸੌਂਦੀ ਰਹੀ
ਜਿਸ ਤਰ੍ਹਾਂ ਬਿਜਲੀ ਦੀ ਹਿੱਕ ਵਿਚ ਇਕ ਵਲੇਵਾਂ
ਇਕ ਲੰਗਾਰ ।
ਤੈਨੂੰ ਦਿਲਚਸਪੀ ਹੈ ਕੀ,
ਜੇ ਮੈਂ ਅਪਣੀ ਮੌਤ ਵਰਗੀ ਜ਼ਿੰਦਗੀ ਨੂੰ
ਮੌਤ ਕਰ ਦਿੱਤਾ ਹੈ ਆਪ ?
ਜੇ ਮੈਂ ਕਾਲਖ-ਜ਼ਿੰਦਗੀ ਦੇ ਕਾਲਜੇ
ਖੋਭ ਦਿੱਤੀ ਤੜਪਦੀ ਬਿਜਲੀ ਇਨ੍ਹਾਂ ਹੱਥਾਂ ਦੇ ਨਾਲ ?
ਜਮ ਗਿਆ ਹੈ ਮੇਰਾ ਖ਼ੂਨ
ਤੇਰੀਆਂ ਮਿੱਲਾਂ ਦੇ ਪਹੀਏ ਤਾਂ ਅਜੇ ਨਹੀਂ ਹੋਏ ਜਾਮ
ਤੇਰੇ ਰੋਲਰ ਰੋੜਿਆਂ ਨੂੰ ਪੀਸਦੇ ਜਾਂਦੇ ਨੇ ਉਂਞ,
ਹੋਰ ਨੇ ਲੱਖਾਂ ਸ਼ਰੀਰ
ਜੇ ਤੂੰ ਚਾਹੇਂ ਤਾਂ ਬਣਾ ਸਕਦਾ ਏ ਘੁਣ-ਖਾਧੇ ਸ਼ਤੀਰ
ਹੋਰ ਨੇ ਕਈ ਦਿਲ ਅਮੀਰ
ਜੋ ਤੇਰੀ ਖ਼ਾਤਰ ਤੜਪ ਕੇ ਸੌਂ ਜਾਣ ਨੂੰ ਤੈਯਾਰ ਨੇ।
ਤੇਰੀ ਖਾਤਰ ਤੜਪ ਕੇ ਬੁਝ ਜਾਣ ਨੂੰ ਤੈਯਾਰ ਨੇ।
ਕੇਵਲ ਪੱਥਰਾਂ ਨਾਲ ਮੱਥਾ ਮਾਰਦੀ ਲਿੱਧੜੀ ਦੇ ਜ਼ਖ਼ਮ
ਹੋਰ ਸ਼ੋਰੀਲੇ ਹੋ ਰਹੇ ਨੇ ।
ਉਹਦੀ ਚਾਲ ਹੋਰ ਤੇਜ਼ ਹੈ;
ਸ਼ਾਇਦ ਉਹ ਭਜ ਕੇ ਰੁਸ ਰਹੀ ਰੌਸ਼ਨੀ ਦਾ ਪੱਲਾ
ਫੜ ਕੇ ਕਹਿਣਾ ਚਾਹੁੰਦੀ ਹੈ :
ਰੁਕ ਜਾ, ਰੁਕ ਜਾ
ਪਰ ਚਾਨਣ ਨਹੀਂ ਰੁਕੇਗਾ ।
ਰਾਤ ਦੀ ਰਾਣੀ ਦਾ ਵਸਲ-ਅਲਸਾਇਆ ਸਰੀਰ
ਰਾਤ ਭਰ ਆਪਣੀਆਂ ਖੁਸ਼ਬੋਆਂ ਖਲੇਰ ਕੇ
ਚਾਨਣ ਨੂੰ ਢੂੰਡਦਾ ਰਹੇਗਾ, ਢੂੰਡਦਾ ਰਹੇਗਾ ।
ਕਿੰਨਾ ਦਰਦੀਲਾ ਹੈ ਵਿਛੋੜਾ !
ਤੇ ਕਿੰਨੀ ਸੋਹਣੀ ਹੈ ਚਾਨਣ ਦੀ ਮੌਤ !
ਮੈਂ ਅਜੇਹੀ ਸੋਹਣੀ ਮੌਤ ਤੇ ਇਕ ਪਲ ਲਈ
ਅਪਣੀ ਜ਼ਿੰਦਗੀ ਦੇ ਸਾਰੇ ਸਾਲ
ਵਾਰ ਸੁੱਟਣ ਲਈ ਤਿਆਰ ਹਾਂ ।
ਇਕ ਹਸੀਨ ਸ਼ਾਮ ਲਈ ਮੈਂ ਅਪਣੀ ਹਰ ਸਵੇਰ,
ਹਰ ਦੁਪਹਿਰ,
ਬਿਨਾ ਹਉਕਾ ਭਰਿਆਂ ਦੇ ਸਕਦਾ ਹਾਂ ।
ਪਰ ਮੇਰੀ ਇਹ ਸ਼ਾਮ ਵੀ ਹਰ ਸ਼ਾਮ ਵਾਂਙ ਨਿਰਮਾਣ ਹੈ।
ਮੇਰੇ ਬਿਆਈਆਂ ਪਾਟੇ ਪੈਰ ਇਸ ਖਿੰਘਰੀਲੀ ਡੰਡੀ ਤੇ
ਤੁਰੇ ਜਾ ਰਹੇ ਨੇ ਨਿਰਜਿੰਦ ।
ਅਕਾਸ਼ ਵਿਚ ਉਡਦੇ ਪੰਛੀ ਦਾ ਔਹ ਖੰਭ ਜੋ ਟੁਟ ਕੇ ਹੌਲੀ,
ਬਹੁਤ ਹੌਲੀ, ਧਰਤੀ ਵਲ ਆ ਰਿਹਾ ਹੈ,
ਓਨੀ ਵੀ ਤਾਂ ਕਾਹਲ ਨਹੀਂ
ਮੈਨੂੰ ਆਪਣੇ ਘਰ ਪਹੁੰਚਣ ਦੀ ।
ਮੈਂ ਕਹਿਨਾਂ ਹਨੇਰਾ ਹੋਰ ਗੂੜ੍ਹਾ ਹੋ ਜਾਏ :
ਹਾਲੇ ਤਾਂ ਇਸ ਘੁਸਮੁਸੇ ਵਿਚ
ਕਿਸੇ ਕਿਸੇ ਝੁੱਗੀ 'ਚੋਂ ਉਠੀ
ਧੂਏਂ ਦੀ ਲੀਕ ਅੱਡਰੀ ਦਿਸ ਪੈਂਦੀ ਹੈ ।
ਇਹਨਾਂ ਝੁੱਗੀਆਂ ਤੇ ਕਾਲਖ ਹੋਰ ਵਿਛ ਜਾਏ
ਜਿੰਨ੍ਹਾਂ ਵਿਚ ਵਸ ਰਹੇ ਲੋਕਾਂ ਦਾ ਹਰ ਦਿਨ,
ਹਰ ਰਾਤ ਕਾਲੀ ਹੈ,
ਜਿੱਥੇ ਹਰ ਸਵੇਰ ਫ਼ਾਕਾ ਹੈ;
ਹਰ ਸ਼ਾਮ ਫ਼ਾਕਾ ਹੈ,
ਹਰ ਸਿਆਲ ਪਾਲਾ ਹੈ;
ਹਰ ਮੇਘ ਗਿੱਲਾ ਹੈ ।
ਮੈਂ ਚਾਹਨਾਂ ਹਨੇਰਾ ਹੋਰ ਗੂੜ੍ਹਾ ਹੋ ਜਾਏ ।
ਮੇਰੀ ਉਡੀਕ ਵਿਚ ਮੇਰਾ ਬੱਚਾ ਰੋ ਰੋ ਥਕ ਜਾਏ,
ਤੇ ਥਕ ਕੇ ਸੌਂ ਜਾਏ,
ਤੇ ਉਹਦੀ ਮਾਂ ਇਸ ਵਧਦੇ ਹਨੇਰੇ ਤੋਂ ਸਮਝ ਲਏ
ਕਿ ਜਿਸ ਕਿਰਨ ਨੂੰ ਲੱਭਣ
ਮੇਰਾ ਮਰਦਊਪਣਾ ਨਿਕਲਿਆ ਸੀ ਘਰੋਂ,
ਉਹ ਕਿਰਨ ਅਜੇ ਮੈਨੂੰ ਲੱਭੀ ਨਹੀਂ,
ਤੇ ਮੈਂ ਮਰਦ ਉਹ ਤੱਕਣੀ ਜਰ ਨਹੀਂ ਸਕਦਾ
ਜੋ ਮੈਨੂੰ ਸ਼ਰਮਸਾਰ ਕਰ ਦਏ।
ਕਲ੍ਹ ਫਿਰ ਸਵੇਰ ਹੋਵੇਗੀ,
ਰਾਤ ਦੀ ਰਾਣੀ ਦੀ ਭਾਲ ਸਕਾਰਥ ਹੋਵੇਗੀ ।
ਪਹਾੜ ਦੇ ਸਿਖਰ ਤੇ ਕਲ ਫਿਰ ਚਾਨਣ ਦਾ
ਚਮਕਦਾ ਤਾਜ ਪੈ ਜਾਵੇਗਾ।
ਸੂਰਜ ਕਲ੍ਹ ਫਿਰ ਪਾਣੀ ਦੀਆਂ ਅੱਖਾਂ ਵਿਚ ਝਾਕ ਕੇ
ਆਖੇਗਾ :
ਮੇਰਾ ਸਾਰਾ ਸ਼ਿੰਗਰਫ਼ ਤੈਥੋਂ ਕੁਰਬਾਨ ਏ, ਮੇਰੇ ਯਾਰ ।
ਚਾਨਣ ਕਲ੍ਹ ਫੇਰ ਬਦਲਾਂ ਦੇ ਫੰਬਿਆਂ 'ਚੋਂ
ਕਾਲਾ ਜ਼ਹਿਰ
ਚੁੰਘ ਲਏਗਾ।
ਪਹਾੜਾਂ ਦੇ ਸਿਖਰ ਤੇ ਬਰਫ਼ਾਂ ਦਾ ਕਵਾਰ
ਫੇਰ ਬੇਦਾਗ਼ ਹੋ ਜਾਏਗਾ ।
ਚੀਲ ਬਨ ਦੀ ਕਾਲਖ਼ ਵਿਚ ਫੇਰ
ਸੁਨਹਿਰੀ ਛਿਲਤਾਂ ਖੁਭ ਜਾਣਗੀਆਂ।
ਤੇ ਪੰਛੀਆਂ ਦੇ ਯਖ ਗਲੇ ਫਿਰ ਪੰਘਰ ਪੈਣਗੇ ।
ਪਰ ਕਿੱਥੇ ਹੈ ਮਨੁਖ ਦਾ ਸੂਰਜ ?
ਉਹਦੀ ਜ਼ਿੰਦਗੀ ਦੇ ਪਾਣੀ ਵੀ ਤਾਂ ਕਾਲੇ ਪਏ ਨੇ ।
ਉਹਦੀਆਂ ਨਾੜਾਂ ਵਿਚ ਵੀ
ਕਾਲਕੂਟ ਵਿੱਸ ਫੈਲੀ ਹੋਈ ਏ ।
ਉਹਦੇ ਚੀਲ-ਬਨ ਵੀ ਉਦਾਸੇ ਨੇ;
ਜਿਨ੍ਹਾਂ ਦੀ ਹਿਕ 'ਚੋਂ ਸੁਨਹਿਰੀ ਕਿਰਨਾਂ
ਕਿਸੇ ਜ਼ਾਲਮ ਜਮੂਰ
ਨੇ ਸਦਾ ਲਈ ਪੁੱਟ ਸੁੱਟੀਆਂ ਨੇ ।
ਕਿਥੇ ਹੈ ਮਨੁਖ ਦਾ ਚਾਨਣ ?
ਉਹਦੀ ਭਾਲ ਵਿਚ
ਪੈਰਾਂ ਦੀਆਂ ਬਿਆਈਆਂ ਹਲਕਾਨ ਨੇ ;
ਉਹਦੀ ਉਡੀਕ ਵਿਚ ਭੁੱਖੇ ਬਾਲ
ਰੋ ਰੋ ਕੇ ਸੌਂਦੇ ਜਾ ਰਹੇ ਨੇ ;
ਉਹਦੇ ਬਗ਼ੈਰ ਪਿਓ
ਘਰ ਦਾ ਰਾਹ ਭੁਲ ਜਾਣਾ ਚਾਹੁੰਦੇ ਨੇ।