ਗੱਲ ਸੁਣੋ ਜੀ ਇੱਕ ਦਿਨ ਦੀ, ਜਦ ਕੀਤੀ ਆਈ ਰਾਸ
ਮੈਂ ਅੱਖੀਂ ਸਭ ਕੁਝ ਤੱਕਿਆ, ਮਿਲ਼ਿਆ ਵਿੱਚ ਅਰਦਾਸ।
ਇੱਕ ਦਿਨ ਸਾਡੇ ਵਿਹੜੇ ਦੇ ਵਿੱਚ, ਸੁੱਕਾ ਪੱਤਾ ਡਿਗਿਆ।
ਉਸ ਨੂੰ ਚੁੱਕ ਕੇ ਮੇਰੇ ਮਨ ਨੇ, ਕੀਤੀ ਇੱਕ ਪ੍ਰਤਿੱਗਿਆ।
ਕਿਓਂ ਨਾ ਪੱਤਾ ਬੀਜ ਦਿਆਂ, ਕੁਦਰਤ ਹਰਿਆ ਕਰ ਦੇਣਾ।
ਮੈਂ ਭਾਂਡਿਆਂ ’ਚੋਂ ਗੜਵੀ ਚੁੱਕਣੀ, ਨਿੱਤ ਉਸ ਨੂੰ ਪਾਣੀ ਦੇਣਾ।
ਪੱਤਾ ਸੁੱਕ ਤੇ ਗਲ਼ਦਾ ਜਾਵੇ, ਮੇਰਾ ਦਿਲ ਪਿਆ ਡੋਲੇ।
ਤੜਕੇ ਉੱਠ ਅਰਦਾਸ ਕਰਾਂ,ਰੱਬ ਇਸ ਦਾ ਮੂੰਹ ਖੋਲ੍ਹੇ।
ਇੱਕ ਦਿਨ ਇੱਕ ਪੰਛੀ ਨੇ ਕਰ ’ਤੀ, ਪੱਤੇ ਉੱਤੇ ਬਿੱਠ।
ਵੇਖ ਬੁਰਾ ਸੀ ਮੈਨੂੰ ਲੱਗਿਆ, ਉਸ ਦਾ ਕਾਰਾ ਡਿੱਠ।
ਪਾਣੀ ਪਾਉਂਦੇ ਨਜ਼ਰ ਪਈ, ਤੱਕਿਆ ਉੱਗਿਆ ਬੂਟਾ।
ਲਾਲ ਰੰਗ ਦੇ ਚਮਕਣ ਪੱਤੇ, ਲੱਗੇ ਸੁਰਗ ਦਾ ਝੂਟਾ।
ਮੈਨੂੰ ਲੱਗਿਆ ਨਾਨਕ ਸਾਹਿਬ ਨੇ, ਪੱਤਾ ਹਰਿਆ ਕਰਿਆ
ਤਾਂ ਪੱਤੇ ਦੀ ਸੁਣੀ ਗਈ, ਬੜਾ ਦੁੱਖ ਸੀ ਇਸ ਨੇ ਜਰਿਆ।
ਕਰ ਸਰਬ ਵਿਸ਼ਵਾਸ, ਕੀਤੀ ਹੱਥ ਜੋੜ ਅਰਦਾਸ
ਤੇਰੀ ਕੀਤੀ ਦਾਤਿਆ, ਦੁਨੀਆਂ ਨੂੰ ਆਵੇ ਰਾਸ।
ਸਾਨੂੰ ਨਾਮ ਖ਼ੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ।