ਕਿਵੇਂ ਬੋਲਦਾ ਬੋਲਦਾ ਰੁਕ ਗਇਆ

ਕਿਵੇਂ ਬੋਲਦਾ ਬੋਲਦਾ ਰੁਕ ਗਇਆ। 

ਮਿਰੇ ਨਾਂ ਤੇ ਆ ਕੇ ਉਹ ਝਟ ਉਕ ਗਇਆ ।

ਤੁਰੇ ਸਾਂ ਸਦਾ ਤੇਗ਼ ਦੀ ਧਾਰ ਤੇ 

ਤਿਰੇ ਅੱਗੇ ਸਿਰ ਝੁਕ ਗਇਆ ਝੁਕ ਗਇਆ ।

ਉਹ ਮੰਜ਼ਿਲ ਤੇ ਪਹੁੰਚੂ ਤੇ ਪਹੁੰਚੂ ਕਦੋਂ 

ਸਵੇਰੇ ਹੀ ਜੋ ਕਾਫ਼ਲਾ ਰੁਕ ਗਇਆ ।

ਅਜੇ ਲੋੜ ਸੀ ਮੈਨੂੰ ਉਹਦੀ ਬੜੀ 

ਮਿਰਾ ਯਾਰ ਛੇਤੀ ਹੀ ਕਿਉਂ ਲੁਕ ਗਇਆ ?

ਕਈ ਰੁਕ ਗਏ ਪਰ ਜ਼ਮਾਨੇ ਦੇ ਨਾਲ 

ਮਿਲਾ ਕੇ ਕਦਮ ਮੈਂ ਹੀ ਇਕ-ਟੁਕ ਗਇਆ।

ਜਿਨ੍ਹਾਂ ਰੋਕਿਆ ਮੈਨੂੰ ਪਛਤਾਏ ਉਹ 

ਜਦੋਂ ਅਪਣੀ ਮੰਜ਼ਿਲ ਤੇ ਮੈਂ ਢੁਕ ਗਇਆ। 

ਭਗੌੜੇ ਦਵੈਤੀ ਦੀ ਗਲ ਨਾ ਕਰੋ

ਬਚਾ ਕੇ ਉਹ ਜਾਨ ਅਪਣੀ ਮਰ-ਮੁਕ ਗਇਆ ।

ਤਿਰੀ ਤੇਗ਼ ਡਿੱਠੀ ਅਸੀਂ ਕੁਦ ਪਏ 

ਦਵੈਤੀ ਦਾ ਵੇਂਹਦੇ ਹੀ ਸਾਹ ਸੁਕ ਗਇਆ ।

ਜ਼ਮਾਨਾ ਉਨੂੰ ਮਾਫ ਕਰਦਾ ਨਹੀਂ 

ਜ਼ਰਾ ਵੀ ਇਧੇ ਅੱਗੇ ਜੋ ਝੁਕ ਗਇਆ ।

ਦਵੈਤੀ ਉਦੋਂ ਬਹਿਣਗੇ ਅਮਨ ਨਾਲ 

ਤਿਰਾ ਮੇਰਾ ਝਗੜਾ ਜਦੋਂ ਮੁਕ ਗਇਆ ।

ਹਨੇਰੇ 'ਚ ਉਹ ਭਟਕਦਾ ਫਿਰ ਰਿਹੈ

ਜਿਧਾ ਇਸ 'ਚ ‘ਹਮਦਰਦ' ਚੰਨ ਲੁਕ ਗਇਆ ।

📝 ਸੋਧ ਲਈ ਭੇਜੋ