ਮੇਰੀ ਚੇਤਨਾ

ਹਜ਼ਾਰ ਟੁਕੜਿਆਂ ’ਚ ਵੰਡੀ ਪਈ ਹੈ

ਮੇਰਿਆਂ ਚੇਤਿਆਂ ਵਿੱਚ

ਅਤੀਤ ਦੇ ਕਿੰਨੇ ਗ੍ਰਹਿਆਂ

ਉਪਗ੍ਰਹਿਆਂ ਦੇ

ਟੋਟੇ ਤੈਰ ਰਹੇ ਹਨ

ਮੇਰੇ ਅੰਦਰ

ਕਿੰਨੇ ਜਨਮਾਂ ਦੀ ਧੂੜ ਉਡਦੀ

ਮੇਰੇ ਜੰਗਲਾਂ ਵਿੱਚ

ਕਿੰਨੀਆਂ ਡਰਾਉਣੀਆਂ ਲੁਭਾਉਣੀਆਂ

ਆਵਾਜ਼ਾਂ ਤੈਰਦੀਆਂ

ਮੇਰੇ ਸਮੁੰਦਰਾਂ ’ਚ ਕਿੰਨੇ ਜਵਾਰਭਾਟੇ

ਖੌਲਦੇ ਪਾਣੀਆਂ ਦਾ ਸੰਗੀਤ

 

ਮੈਂ ਚਾਹੁੰਦਾ ਹੋਇਆ ਵੀ

ਇਨ੍ਹਾਂ ਆਵਾਜ਼ਾਂ

ਸ਼ੋਰ ਸੰਗੀਤ ਵਾਵਰੋਲਿਆਂ ਤੋਂ

ਮੁਕਤ ਨਹੀਂ ਹੋ ਸਕਦਾ

ਚਾਹੁਣ ਤੇ ਵੀ ਮਿਟਾ ਨਹੀਂ ਸਕਦਾ ਮੈਂ

ਆਪਣੀਆਂ ਯਾਦਾਂ ਦੀ ਤਖਤੀ ਤੋਂ

ਕਿੰਨੀਆਂ ਲਕੀਰਾਂ

ਕੱਟੀਆਂ ਵੱਢੀਆਂ ਸ਼ਕਲਾਂ

 

ਮੈਂ ਜਾਣਦਾ ਹਾਂ

ਤੂੰ ਮੈਨੂੰ ਸੰਪੂਰਨ ਚਾਹੁੰਦੀ ਹੈਂ

ਪੂਰੇ ਦਾ ਪੂਰਾ

ਸਾਲਮ ਇੱਕੋ ਇੱਕ

ਜੋ ਸਦਾ ਤੇਰਾ

ਤੇ ਸਿਰਫ਼ ਤੇਰਾ ਹੋਵੇ

 

ਪਰ ਮੇਰੀ ਦੋਸਤ !

ਮੈਂ ਬਚਪਨ ਦੀ ਕੱਚੀ ਉਮਰ ਤੋਂ

ਹਜ਼ਾਰ ਟੁਕੜਿਆਂ ’ਚ ਵੰਡਿਆ

ਖਿਲਰਿਆ

ਖ਼ੁਦ ਬ੍ਰਹਿਮੰਡ ’ਚ ਖਿੰਡੇ

ਆਪਣੇ ਟੁਕੜੇ

ਚੁਗਣ ਦੀ ਕੋਸ਼ਿਸ਼ ਕਰ ਰਿਹਾ ਹਾਂ

 

ਮੈਂ ਪੂਰੇ ਦਾ ਪੂਰਾ

ਤੇਰਾ

ਸਿਰਫ਼ ਤੇਰਾ ਬਣ ਕੇ

ਤੇਰੇ ਕੋਲ ਕਿੰਜ ਆਵਾਂ...।

📝 ਸੋਧ ਲਈ ਭੇਜੋ