ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ

ਤੁਰੇ ਚਾਰ ਕੁ ਸੀ ਜਾਣੇ ਅਸੀਂ ਪਿੰਡ ਤੋਂ

ਰਾਹ 'ਚ ਕਿੰਨੇ ਗਏ ਰਲ ਮੇਰੇ ਹਾਣੀ ਨੀ!

ਬੜਾ ਮੁਸ਼ਕਲ ਬੰਨ੍ਹ ਲਾਉਣਾ ਆਬ ਨੂੰ

ਡੱਕ ਕਿਵੇਂ ਲਊ ਬੂੰਦ ਤੇਰਾ ਪਾਣੀ ਨੀ!

ਤੈਨੂੰ ਕਰਨਗੇ ਔਖੇ ਅੱਖੀਂ ਵੇਖ ਲਈ      

ਛੇੜ ਕਾਹਨੂੰ ਬੈਠੀ ਪਿੰਡਾਂ ਵਾਲੇ ਡੂਮ ਨੀ!

ਤੈਨੂੰ ਔਖਾ ਹੋ ਜੂ ਸੁਣ ਕੱਚੀ ਪਿੱਲੀਏ

ਫਿਰ ਰੋਕਣਾ ਇਹ ਲੱਖਾਂ ਦਾ ਹਜੂਮ ਨੀ! 

ਤੇਰੇ ਬੈਰੀਅਰ ਨੂੰ ਕੀ ਉਹੋ ਜਾਣਦੇ

ਜਿਹੜੇ ਟੱਪ ਮੈਕਸੀਕੋ ਵਾਲੀ ਕੰਧ ਗਏ!

ਬੁਛਾਰਾਂ ਪੈਦੀਆਂ ਸੀ ਪਾਣੀ ਦੀਆਂ ਅੰਨ੍ਹੀਆਂ 

ਤਾਵੀਂ ਪਲਾਂ ਵਿੱਚ ਕੂਚ ਕਰ ਪੰਧ ਗਏ! 

ਤੇਰੀ ਹਿੱਕ ਨੂੰ ਲਤਾੜ ਲੰਘ ਜਾਣਗੇ

ਤਦੇ ਤੁਰਦੇ ਨੇ ਹਾਥੀ ਵਾਂਗੂੰ ਝੂਮ ਨੀ!

ਤੇਰੇ ਪੱਥਰ ਤੇ ਕੰਡਆਲੀ ਤਾਰ ਏ 

ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ!    

ਕਿਵੇਂ ਜੜ੍ਹ ਤੋਂ ਮਿਟਾਉਣਾਂ ਹੈ ਪੰਜਾਬ ਨੂੰ

ਡੂੰਗੀ ਸੋਚ ਨਾਲ ਰਾਹਾਂ ਤੂੰ ਉਲੀਕੀਆਂ!

ਅਸੀਂ ਹਿੱਕਾਂ ਡਾਹੀਆਂ ਆਈ ਵਾਰੀ 'ਸੱਤਿਆ'

ਤੂੰ ਆਈ ਵਾਰ ਕਰੇ ਸਾਡੇ ਤੇ ਵਧੀਕੀਆਂ!

ਕੀਤਾ ਸ਼ੁਰੂ ਤੋਂ ਤਸੱਦਦ ਤੂੰ ਹੱਸਕੇ

ਮਾਰੇ ਕੋਹ ਕੋਹਕੇ ਕਿੰਨੇ ਮਜ਼ਲੂਮ ਨੀ!

ਤੇਰੇ ਪੱਥਰ ਤੇ ਕੰਡਆਲੀ ਤਾਰ ਏ 

ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ!    

ਸਾਡੀ ਲੰਮੀਂ ਆਂ ਲੜਾਈ ਵੇਖੀਂ ਜਿੱਤਾਂਗੇ

ਅਸੀਂ ਕਦੇ ਵੀ ਕਬੂਲੀਆਂ ਹਾਰਾਂ ਨੀ!

ਸਾਡੇ ਸਬਰਾਂ ਨੂੰ ਜਦੋਂ ਵੀ ਤੂੰ ਪਰਖਿਆ

ਅਸੀਂ ਬੰਨ੍ਹ-ਬੰਨ੍ਹ ਤੁਰੇ ਉਦੋਂ ਡਾਰਾਂ ਨੀ!

ਆਏ ਆਈ ਤੇ ਚਗਾਠਾਂ ਪੱਟ ਦੇਣਨਗੇ

ਸੀਲ ਕਿੰਨਾਂ ਵੀ ਕਰਾ ਲੀ ਭਾਵੇਂ ਰੂਮ ਨੀ!

ਤੇਰੇ ਪੱਥਰ ਤੇ ਕੰਡਆਲੀ ਤਾਰ ਏ 

ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ!

ਤੇਰੇ ਫੈਸਲੇ ਜੇ ਆਖਰੀ ਨੇ ਫੈਸਲੇ

ਅਸੀਂ ਕਰਕੇ ਪੁਗਾਈਏ ਪੂਰੀ ਗੱਲ ਨੀ!

ਜੇ ਤੂੰ ਜਿੱਦ ਤੇ ਅੜੀ ਆਂ ਵਹਿਮ ਕੱਡਦੇ

ਸਾਡੇ ਫੈਸਲੇ ਵੀ ਹੁੰਦੇ ਅਟੱਲ ਨੀ!

ਤੇਰੀ ਜੂਹ ਵਿੱਚ ਵੇਖੀਂ ਗੂੰਜਾਂ ਪੈਦੀਆਂ 

ਟਰੈਕਟਰਾਂ ਨੇ ਉਠਾਈ ਜਦੋਂ ਦੂਮ ਨੀ!

ਤੇਰੇ ਪੱਥਰ ਤੇ ਕੰਡਆਲੀ ਤਾਰ ਏ 

ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ!

ਨੀ ਤੂੰ ਜ਼ੋਰ ਲਾ ਲਾ ਭਾਵੇਂ ਅੱਡੀ ਚੋਟੀ ਦੇ

ਏਹੇ ਤੇਰੇ ਕੋਲੋਂ ਰੁੱਕਣੇ ਇਕੱਠ ਨਈ!

ਜਿੰਨਾਂ ਘੂਰੇਗੀ ਇਹ ਉੱਡ ਉੱਡ ਪੈਣਗੇ

ਜ਼ਮ੍ਹਾ ਭੁੱਲ ਜਾ ਤੂੰ ਸਕਦੇ ਨੱਠ ਨਈ! 

ਰਹੀਏ ਕਾਸਤੋਂ ਗੁਲਾਮ ਤੇਰੇ ਦੱਸਦੇ

ਤੂੰ ਪਾਈ ਫਰੀਦਸਰਾਈਏ ਨੂੰ ਕੀ ਟੂਮ ਨੀ!

ਤੈਨੂੰ ਕਰੂ ਪ੍ਰੇਸ਼ਾਨ ਇਕੱਠ ਅਸਾਂ ਦਾ

ਇਹ ਤਾਂ ਚੰਗੀ ਤਰਾਂ ਜਾਣਦੀ ਜਰੂਰ ਤੂੰ!

ਇਹ ਨਈ ਮੁੱਕਣੇ ਨਾਂ ਤੇਰੇ ਕੋਲੋ ਰੁੱਕਣੇ

ਭਾਵੇਂ ਪਹਿਲਾਂ ਵੀ ਖਪਾ ਛੱਡੇ ਪੂਰ ਤੂੰ!

ਤੈਨੂੰ ਦਊਗਾ ਦਿਖਾਈ ਵੇਖੀ ਧੁੰਦਲਾ

ਬੇਸ਼ੱਕ ਕਿੰਨਾਂ ਵੀ ਤੂੰ ਕਰੀਂ ਜਾਵੀਂ ਜੂਮ ਨੀ!

ਤੇਰੇ ਪੱਥਰ ਤੇ ਕੰਡਆਲੀ ਤਾਰ ਏ 

ਕਿਵੇਂ ਰੋਕਣਗੇ ਲੱਖਾਂ ਦੇ ਹਜੂਮ ਨੀ!

📝 ਸੋਧ ਲਈ ਭੇਜੋ