ਕਲਾਮੇ-ਜੋਸ਼

ਕਿੱਧਰ ਨੂੰ ਤੁਰਿਆ ਜਾਂਦਾ ਹਾਂ ਕਿਥੋਂ ਆਇਆ ਮਾਲੂਮ ਨਹੀਂ । 

ਆਗ਼ਾਜ਼ ਮਿਰਾ ਕਿੱਥੋਂ ਹੁੰਦਾ ਤੇ ਅੰਤ ਹੈ ਕਿਆ ਮਾਲੂਮ ਨਹੀਂ

ਜੀਵਨ ਦਾ ਮਨੋਰਥ ਕੀ ਹੁੰਦੈ ਦਸ ਸਕਿਆ ਇਹ ਨਹੀਂ ਕੋਈ ਵੀ 

ਅੱਲਾ ਵਾਲੇ ਵੀ ਕਹਿੰਦੇ ਨੇ ਅੱਲਾ ਤੋਂ ਸਿਵਾ ਮਾਲੂਮ ਨਹੀਂ । 

ਜੀਵਣ ਦਰਸ਼ਣ ਦੇ ਮਸਲੇ ਛੇੜ ਮਿਰੇ ਅੱਗੇ ਵਾਇਜ਼ 

ਮਾਲੂਮ ਤੇ ਹੁੰਦੈ ਨਜ਼ਰਾਂ ਨੂੰ ਪਰ ਫਿਰ ਵੀ ਖ਼ੁਦਾ ਮਾਲੂਮ ਨਹੀਂ।

ਝਲ ਸਕਦੀ ਨਹੀਂ ਸੀ ਨੂਰ ਉਸਦਾ ਇਹ ਠੀਕ ਹੈ ਪਰ ਮੇਰੀ ਨਜ਼ਰ 

ਕਿਉਂ ਪਰਦਾ ਕੀਤਾ ਸੀ ਉਸਨੇ ਕੀ ਹੋਇਆ ਇਹ ਮਾਲੂਮ ਨਹੀਂ।

ਦਿੱਤੇ ਨੇ ਤਸੀਹੇ ਇਹ ਮੈਨੂੰ ਇਕ ਮਿੱਤਰ ਨੇ ਜਾਂ ਦੁਸ਼ਮਣ ਨੇ 

ਕਿਰਪਾ ਕਿਸ ਤਰਫੋਂ ਹੋਈ ਹੈ ਮੈਨੂੰ ਤੇ ਜ਼ਰਾ ਮਾਲੂਮ ਨਹੀਂ।

ਦਿਨ ਰਾਤ ਭਟਕਦਾ ਫਿਰਦਾ ਹਾਂ ਏਧਰ ਓਧਰ ਮੈਂ ਜਿਸ ਖ਼ਾਤਿਰ 

ਮੈਨੂੰ ਤੇ ਉਸ ਵਲ ਛਲੀਏ ਦੇ ਘਰ ਦਾ ਵੀ ਪਤਾ ਮਾਲੂਮ ਨਹੀਂ। 

ਦੁਨੀਆਂ ਦੇ ਬੰਦੇ ਵੀ ਕੀ ਨੇ ਅਪਣੀ ਵੀ ਖਬਰ ਨਹੀਂ ਜੇਨਾਂ ਨੂੰ 

ਇਕ ਦੀ ਜੇ ਹਾਲਤ ਮੰਦੀ ਹੈ ਦੂਜੇ ਨੂੰ ਜ਼ਰਾ ਮਾਲੂਮ ਨਹੀਂ। 

ਰੁਕਣਾ, ਚਲਣਾ ਤੇ ਫਿਰ ਰੁਕਣਾ ਇਹ ਤੁਰਨਾ ਕਾਹਦਾ ਤੁਰਨਾ ਹੈ 

ਇੰਝ ਓਹੀ ਕਰਦਾ ਹੈ ਜਿਸਨੂੰ ਨੁਕਸਾਨ ਇਸਦਾ ਮਾਲੂਮ ਨਹੀਂ । 

ਜੀਵਣ ਦੀ ਕੈਦੋਂ ਹੁਣ ਸਾਡਾ ਬੇਸ਼ਕ ਛੁੱਟਕਾਰਾ ਹੋਇਆ ਹੈ 

ਜਿਸ ਦੇ ਵਿਚ ਕੈਦੀ ਹੋਏ ਸਾਂ ਸਾਨੂੰ ਉਹ ਖ਼ਤਾ ਮਾਲੂਮ ਨਹੀਂ।

ਘੜ ਸਕਦਾ ਹੈ ਕੋਈ ਕੀਕਣ ਦੁਨੀਆਂ ਦੇ ਸਫਰ ਦਾ ਪੈਮਾਨਾ

ਜਦ ਤੀਕਣ ਅਪਣੀ ਮੰਜ਼ਿਲ ਦਾ ਉਸਨੂੰ ਪੈਂਡਾ ਮਾਲੂਮ ਨਹੀਂ।

ਬਸ ਮੌਤ ਦੇ ਉੱਤੇ ਹੀ ਹੁਣ ਤੇ ਮੈਨੂੰ ‘ਜੋਸ਼' ਭਰੋਸਾ ਹੈ 

ਉਸਤੋਂ ਤੇ ਸਿਵਾ ਮੇਰੇ ਦੁੱਖ ਦੀ ਦੂਜੇ ਨੂੰ ਦਵਾ ਮਾਲੂਮ ਨਹੀਂ।

📝 ਸੋਧ ਲਈ ਭੇਜੋ