ਕਲਾਮ ਰਾਂਝਾ

"ਵਾਰਿਸਸ਼ਾਹ ਨਜ਼ਾਮ ਦਾ ਫਰਜ਼ ਵਡਾ, 

ਸਿਰੋਂ ਲਾਹ, ਓ ਦਿਲਬਰਾ ਵਾਸਤਾ ਈ।”

ਕਿਹਾ ਰਾਂਝੇ ਨੇ ਮਾਰ ਕੇ ਚੀਕ ਉੱਚੀ, 

ਛਡ ਇਹ ਰਾਹ, ਓ ਦਿਲਬਰਾ ਵਾਸਤਾ ਈ । 

ਮਿਸਟਰ ਰਾਂਝੇ ਦੀ ਭਲਾ ਤਕਸੀਰ ਕੀ ਏ, 

ਕੀ ਗੁਨਾਹ, ਓ ਦਿਲਬਰਾ ਵਾਸਤਾ ਈ । 

ਦਿਨੇ ਰਾਤ ਨਾ ਰਾਂਝੇ ਨੂੰ ਟਿਕਣ ਦੇਂਦੀ, 

ਤੇਰੀ ਚਾਹ, ਓ ਦਿਲਬਰਾ ਵਾਸਤਾ ਈ । 

ਬੇਵਕੂਫ਼ਾਂ ਦਾ ਨੇੜ ਕਬੂਲ ਤੈਨੂੰ,

ਮੈਂ ਤਬਾਹ, ਓ ਦਿਲਬਰਾ ਵਾਸਤਾ ਈ। 

ਪੈਰੀਂ ਪਿਆਂ ਨੂੰ ਮਾਰਦੈਂ ਲੱਤ ਉਤੋਂ, 

ਬੇ-ਪਰਵਾਹ, ਓ ਦਿਲਬਰਾ ਵਾਸਤਾ ਈ । 

ਤੇਰੇ ਲਈ ਮੈਂ ਭਾਈ ਨੇ ਛੋੜ ਦਿਤੇ, 

ਖਾਹਮਖਾਹ, ਓ ਦਿਲਬਰਾ ਵਾਸਤਾ ਈ । 

ਯਾਦ ਕਰੀਂ ਓਹ ਕੌਲ ਕਰਾਰ ਪਹਿਲੇ, 

ਹੁਣ ਨਿਬਾਹ ਓ, ਦਿਲਬਰਾ ਵਾਸਤਾ ਈ । 

ਦਿਲ ਕਰੇਗਾ ਪੀਣ ਨੂੰ ਰੋਜ਼ ਮੇਰਾ 

ਤੇਰੀ ਚਾਹ, ਓ ਦਿਲਬਰਾ ਵਾਸਤਾ ਈ। 

ਸਾਡੇ ਵਰਗਿਆਂ ਨੂੰ ਜਿਹੜੇ ‘ਨੋ’ ਆਖਣ, 

ਉਹ ਗੁਮਰਾਹ, ਓ ਦਿਲਬਰਾ ਵਾਸਤਾ ਈ। 

ਰੂਸੀ-ਰਾਕਟਾਂ ਦੀ ਸ਼ਾਨ ਵੇਖ ਲਈਏ, 

ਕਰ ਨਿਗਾਹ, ਓ ਦਿਲਬਰਾ ਵਾਸਤਾ ਈ । 

ਆਸ਼ਕ ਮਾਡਰਨ ਭਾਵੇਂ ‘ਹਮਦਰਦ' ਜੀ ਨੇ 

ਕਰ ਪਰਵਾਹ, ਓ ਦਿਲਬਰਾ ਵਾਸਤਾ ਈ ।

📝 ਸੋਧ ਲਈ ਭੇਜੋ