ਕੋ ਫ਼ਰਿਆਦ ਹਵਾ 'ਤੇ ਸੁੱਤੀ, 

ਸੱਥਰਾਂ ਉੱਤੇ ਡੋਲੇ। 

ਕੱਤਕ ਦੀ ਪੁੰਨਿਆ ਨੂੰ ਚੁੰਮ੍ਹਦੀ, 

ਸੁੱਕੇ ਸਰਾਂ ਦੇ ਚੋਲੇ।

ਵਿਛੜੇ ਲੋਕਾਂ ਦਾ ਮਨ ਲੂੰਹਦੀ, 

ਦਾਵਾ ਅਗਨ ਵਿਡਾਣੀ। 

ਭਖਦੇ ਨੈਣਾਂ ਨੂੰ ਛੋਂਹਦੇ, 

ਤਿੜ ਦੇ ਸ਼ੀਰੀਂ ਪਾਣੀ।

ਹੰਝੂਆਂ ਉੱਤੇ ਅਣਦਿੱਸ ਵਜਦੇ 

ਬਹੁਤ ਮਹੀਨ ਸੰਗੋਲੇ। 

ਮੇਰੇ ਵਡ-ਵਡੇਰਿਆਂ ਦੇ ਮਨ, 

ਬਹਿ ਸੱਥਰੀਂ ਕੁਈ ਫੋਲੇ।

ਬੁੱਢੀਆਂ ਮਾਵਾਂ ਦੀਆਂ ਫ਼ਰਿਆਦਾਂ, 

ਬ੍ਰਿਛਾਂ ਤਾਈਂ ਬੁਲਾਵਣ । 

ਕੰਨ ਸ਼ਬਨਮ ਦੇ ਦੁੱਖ ਪੁਰਾਣੇ, 

ਬੋਲ ਅਬੋਲ ਸੁਨਾਵਣ।

ਵਿਛੜੇ ਲੋਕਾਂ ਦੇ ਮੇਲੇ ਵਿਚ; 

ਮਨ ਸਿੱਕ ਸਿੱਕ ਸਧਰਾਇਆ। 

ਦਾਵਾ-ਬੜਵਾ ਅਗਨ ਦੇ ਚੱਕਰ, 

ਘਾਇਲ ਬੋਟ ਤਿਹਾਇਆ।

ਹੋਏ ਅਸਗਾਹ ਤੜਪ ਕੇ ਰੋਲੇ, 

ਬੋਟ ਨੇ ਰਮਜ਼ ਪਛਾਣੀ। 

ਮਹਾਂ ਅਗਨੀਆਂ ਜਾਣ ਸਕੀਆਂ, 

ਤਿੜ ਦੇ ਸ਼ੀਰੀਂ ਪਾਣੀ।

ਕਦੇ ਕਦੇ ਮਸਤਕ ਨੂੰ ਛੋਂਹਦੀ, 

ਕੂਲੀ ਅਨਹੱਦ ਕਾਨੀ। 

ਪਰਦੇਸਾਂ ਵਿਚ ਦੇਸਾਂ ਵਾਂਗੂੰ, 

ਕੌਣ ਮਿਲੇ ਅੱਜ ਜਾਨੀ !

ਮੋਈਆਂ ਰੂਹਾਂ ਤਾਈਂ ਵਿਹਾਜਣ, 

ਰਮਜ਼ਾਂ ਫਿਰਣ ਬਾਜ਼ਾਰਾਂ।

ਮਨਾਂ ਦੇ ਉਹਲੇ ਖੜ੍ਹ ਖੜ੍ਹ ਤੱਕਣ, 

ਦੂਰ ਝਨਾਂ ਤਕ ਬਾਰਾਂ।

ਹਰੀ ਭਰੀ ਰਾਵੀ ਦੇ ਕੰਢੇ, 

ਵੈਣ ਪਾਉਣ ਕੁਈ ਆਵੇ। 

ਫੇਰ ਹਯਾ ਦੇ ਪਰਦੇ ਉਹਲੇ, 

ਰੋਇ ਰੋਇ ਲੁਕ ਜਾਵੇ।

ਹੰਝੂਆਂ ਦੀ ਖਾਰੀ ਘੁੰਮਨ, 

ਮੇਲੇ ਵਿਚ ਤਅਜ਼ੀਰਾਂ।

ਛੁਪ ਗੁਨਾਹ ਦੇ ਪੈਂਡੇ ਦੇਖੇ, 

ਨਦੀਆਂ ਚੀਰ ਫ਼ਕੀਰਾਂ।

ਨਨਕਾਣੇ ਦੀਆਂ ਗਲੀਆਂ ਦੇ ਵਿਚ, 

ਕਮਲੀ ਜਿੰਦ ਬੇਗਾਨੀ। 

ਭੁੱਲੇ ਕੌਲ ਧੂੜ 'ਚੋਂ ਲਭਦੀ 

ਥਲ ਰੋਹੀ ਦੀਵਾਨੀ।

ਮੋਈਆਂ ਰੂਹਾਂ ਘੁੰਮਨ ਪਈਆਂ 

ਅੱਪਣੀ ਅੱਪਣੀ ਰੇਖੇ। 

ਸੁਪਨੇ ਦੀ ਇਕ ਮਣੀ ਚਿਰੋਕੀ 

ਨੀਂਦ ਧਰਤ ਦੀ ਦੇਖੇ।

ਇਉਂ ਮੈਂ ਰੂਹ 'ਤੇ ਸਾਂਗਾਂ ਲੱਗਣ 

ਜਿਸ ਦਾ ਕਿਤੇ ਸਾਨੀ।

ਜਿਵੇਂ ਕਿਸੇ ਸ਼ਬਨਮ 'ਤੇ ਵੱਜੇ 

ਸਮਿਆਂ ਦੀ ਤੁਗਿਆਨੀ।

ਝਰਨ ਕਦੇ ਨਾਗ ਦੇ ਫਣ 'ਚੋਂ

ਟੂਣੇਹਾਰਨਾਂ ਮਣੀਆਂ। 

ਸੱਥਰਾਂ 'ਤੇ ਸੁੱਤਿਆਂ ਨੂੰ ਛੇੜਣ 

ਰੂਪ ਚਾਨਣੀ ਅਣੀਆਂ।

ਸੰਝਾਂ ਦੀ ਦਸਤਾਰ ਸਜਾਈ 

ਸਿੰਘਾਂ ਦਾ ਮਨ ਭਰਿਆ। 

ਜ਼ਾਮਨ ਬਣੇ ਘਰਾਂ ਦਾ ਮਾਹੀ 

ਦੇਸ ਬੇਗਾਨਾ ਜਰਿਆ।

ਵਣ ਦੇ ਹੇਠੋਂ 'ਵਾਜ ਸੁਣੀ ਮੈਂ 

ਫੈਲ ਗਈ ਵਿਚ ਬਾਰਾਂ, 

ਮੋਹ ਧਰਤ ਦਾ ਚਾ ਕੇ ਤੱਕਿਆ 

ਚੋਰ, ਯਾਰ, ਅਸਵਾਰਾਂ।

ਵਿਛੜੇ ਲੋਕਾਂ ਦੇ ਮੇਲੇ ਵਿਚ,

ਹੇਕ ਛੇੜੂਆਂ ਛੋਹੀ।

ਵਣਾਂ ਦੇ ਬੀਜ ਬੀਜ ਨੂੰ ਝੂਣੇ,

ਵਾਣ ਵਜਦ ਦੀ ਕੋਈ।

ਹਾਇ ਪਰ ਜਿਨ੍ਹਾਂ ਬੂਹਿਆਂ ਸਾਹਮੇ 

ਚਾਈ ਅਸਾਂ ਨੇ ਖਾਰੀ। 

ਹੁਣ ਉਹ ਮਹਿਲ ਹਲਾਹਲ ਸੁੱਤੀ 

ਤੋੜ ਸਿਖਰ ਦੀ ਬਾਰੀ।

ਹਾਇ ਮੈਂ ਜਿਨ੍ਹਾਂ ਬੀਜਾਂ ਅੰਦਰ 

ਅਜ਼ਲ ਤੋਂ ਕੌਲ ਛੁਪਾਏ। 

ਬ੍ਰਿਛ ਬਣੇ ਤਾਂ ਪੱਤਿਆਂ ਅੰਦਰ 

ਛੁਪੇ ਪ੍ਰੇਤ ਦੇ ਸਾਏ।

ਪਲ ਵਿਚ ਦੇਸ ਪਰਾਏ ਹੋ ਗਏ 

ਨੈਣ ਮਾਸੂਮ ਬੋਲੇ।

ਸਮੇਂ ਦੀਆਂ ਧੁੱਪਾਂ ਰੁਕੀਆਂ

ਟਿੰਘਾਂ ਨੇ ਫਣ ਖੋਲ੍ਹੇ।

ਹੱਥ ਮਰੋੜੇ ਡੁਬ ਡੁਬ ਜਾਵੇ

ਜਿੰਦ ਬਉਰਾਣੀ ਮੇਰੀ ?

ਧਰ ਦੇ ਛਤਰ ਵਿਸ਼ੈਲੇ ਹੇਠਾਂ

ਨੀਂਦ ਬੁਲਾਵਾਂ ਕਿਹੜੀ ?

ਵੱਡ ਫ਼ਰੇਬ ਕਰੇ ਪਿਆ ਦੂਤੀ

ਬਦਲ ਸਮਾਂ ਪ੍ਰਛਾਵਾਂ। 

ਨੀਂਦ ਦਾ ਕੀ ਇਤਬਾਰ ਹੈ ਯਾਰੋ

ਪੈਂਡੇ ਨਾਲ ਲਿਜਾਵਾਂ।

📝 ਸੋਧ ਲਈ ਭੇਜੋ