ਮੈਂ ਜਿਸ ਰੌਸ਼ਨੀ ’ਚ ਬੈਠਾ ਹਾਂ
ਮੈਨੂੰ ਇਹ ਰੌਸ਼ਨੀ
ਮੇਰੀ ਨਹੀਂ ਲੱਗਦੀ
ਇਸ ਮਸਨੂਈ ਜਿਹੇ ਚਾਨਣ ਦੀ
ਕੋਈ ਵੀ ਕਿਰਨ
ਪਤਾ ਨਹੀਂ ਕਿਉਂ
ਮੇਰੀ ਰੂਹ ’ਚ
ਨਹੀਂ ਜਗਦੀ
ਜਗਮਗ ਕਰਦਾ
ਅੱਖਾਂ ਚੰਧਿਆਉਂਦਾ
ਇਹ ਜੋ ਚਾਨਣ ਚੁਫ਼ੇਰਾ ਹੈ
ਅੰਦਰ ਝਾਕ ਕੇ ਵੇਖਾਂ
ਤਾਂ ਕੋਹਾਂ ਤੀਕ ਨ੍ਹੇਰਾ ਹੈ
ਕਦੇ ਜਦ ਸੋਚਦਾ ਹਾਂ ਬੈਠ ਕੇ
ਤਾਂ ਮਹਿਸੂਸ ਇਉਂ ਹੁੰਦਾ
ਕਿ ਅਸਲ ਵਿਚ
ਧੁਰ ਅੰਦਰ ਤੱਕ ਪੱਸਰਿਆ
ਹਨ੍ਹੇਰਾ ਹੀ ਮੇਰਾ ਹੈ
ਮੇਰੇ ਅੰਦਰ
ਹਨ੍ਹੇਰੇ ਵਿੱਚ
ਮੈਨੂੰ ਸੁਣਦਾ
ਅਕਸਰ ਹੁੰਦਾ ਵਿਰਲਾਪ ਜਿਹਾ
ਮੇਰੇ ਸੁਪਨਿਆਂ ਨੂੰ ਲਿਪਟਿਆ
ਜਿਹੜਾ ਸੰਤਾਪ ਜਿਹਾ
ਇਹ ਚਾਨਣ ਨੂੰ ਬਣਾ ਦਿੰਦਾ
ਮੇਰੇ ਲਈ ਇੱਕ ਪਾਪ ਜਿਹਾ
ਇਹ ਜਗਮਗਾਉਂਦੀ ਰੌਸ਼ਨੀ
ਇਹ ਜੋ ਚਾਨਣ ਚੁਫੇਰਾ ਹੈ
ਅੰਦਰ ਝਾਕ ਕੇ ਦੇਖਾਂ
ਤਾਂ ਕੋਹਾਂ ਤੀਕ ’ਨ੍ਹੇਰਾ ਹੈ...।