ਕੋਈ ਭਾਰ ਇਹ ਚਾ ਸਕਦਾ ਏ

ਕੋਈ ਭਾਰ ਇਹ ਚਾ ਸਕਦਾ ਏ ਮੇਰੇ ਵਾਂਗ ।

ਗ਼ਮ ਨੂੰ ਸੀਨੇ ਲਾ ਸਕਦਾ ਏ ਮੇਰੇ ਵਾਂਗ ।

ਆਪੇ ਆਪਣੀ ਜਿੰਦੜੀ ਦੀ ਤਸਵੀਰ ਕੋਈ,

ਜ਼ਖ਼ਮਾਂ ਨਾਲ ਸਜਾ ਸਕਦਾ ਏ ਮੇਰੇ ਵਾਂਗ ।

ਪਲਕਾਂ ਉੱਤੇ ਬਾਲ ਕੇ ਦੀਵੇ ਹੰਝੂਆਂ ਦੇ,

ਕਿਹੜਾ ਜਸ਼ਨ ਮਨਾ ਸਕਦਾ ਏ ਮੇਰੇ ਵਾਂਗ ।

ਤੇਰੀ ਤਨਹਾਈ ਦੀ ਸੁੰਝੀ ਮਹਫ਼ਿਲ ਵਿਚ,

ਹੋਰ ਵੀ ਕੋਈ ਆ ਸਕਦਾ ਏ ਮੇਰੇ ਵਾਂਗ ।

'ਅਜਮਲ' ਆਪਣੇ ਹੱਥੀਂ ਆਪਣੀਆਂ ਸੱਧਰਾਂ ਦੇ,

ਦੀਵੇ ਕੌਣ ਬੁਝਾ ਸਕਦਾ ਏ ਮੇਰੇ ਵਾਂਗ ।

📝 ਸੋਧ ਲਈ ਭੇਜੋ