ਕੋਈ ਗ਼ਮ ਨਹੀਂ ਸੀ

ਕੋਈ ਗ਼ਮ ਨਹੀਂ ਸੀ 

ਮੈਨੂੰ ਮੇਰੇ ਹਾਉਕਿਆਂ ਦਾ

ਐਵੇਂ ਯਾਰੀ ਹੀ

ਤੇਰਿਆਂ ਰਾਹਵਾਂ ਦੇ ਨਾਲ ਪੈ ਗਈ 

ਜਿਵੇਂ ਅੰਬਰਾਂ ਨਾਲ ਕੋਈ ਲਾ ਬਹਿੰਦਾ ਹੈ 

ਤੇਰੇ ਗਿੱਲਿਆਂ ਵਾਲਾਂ ਚੋਂ 

ਜੇ ਪਲ ਪਲ ਹੋ ਕੇ ਨਾ ਕਿਰਦੇ 

ਤਾਂ ਸਾਡਾ ਕੀ ਰੋਸਾ ਹੋਣਾ ਸੀ

ਤਪਦੀਆਂ ਦੁਪਹਿਰਾਂ ਦੀ ਹਿੱਕ ਦੇ ਨਾਲ

ਮੱਸਿਆ ਕਾਲ ਕਲੂਟੀ ਨੂੰ ਵੀ 

ਕੋਈ ਮਿਹਣਾ ਕੀ ਦੇਵੇ  

ਕਸੂਰ ਤਾਂ ਸਾਡੇ ਹੀ ਸਮਿਆਂ ਦਾ ਸੀ 

ਬਦਨਾਮ ਨਾ ਕਰੀਂ 

ਐਵੇਂ ਮੌਤ ਨੂੰ 

ਏਥੇ ਬੰਦਾ ਹੀ ਬੰਦੇ ਦਾ ਨਹੀਂ ਰਿਹਾ 

ਫਿਰ ਇਕੱਲੀ ਮੁਹੱਬਤ ਵੀ ਕੀ ਕਰਦੀ

ਪੱਛਮ ਨੂੰ 

ਠਹਿਰਾ ਦਿੰਦੇ ਨੇ ਕਸੂਰਵਾਰ ਲੋਕੀ

ਸੂਰਜ ਤਾਂ ਜ਼ਰਾ ਆਪ ਜਾਂਦਾ ਹੈ ਓਹਲੇ ਅਰਾਮ ਕਰਨ ਲਈ 

ਗੁਆਚੇ ਯਾਰਾਂ ਦੇ 

ਸੱਲ ਵੀ ਕਿਹੜਾ ਸੌਣ ਦਿੰਦੇ ਹਨ 

ਜਦੋਂ ਬੰਦ ਬੂਹੇ ਲਿਖੇ ਜਾਂਦੇ ਹਨ 

ਸੀਨੇ ਦੀਆਂ ਨੁੱਕਰਾਂ ਤੇ 

ਵੈਰੀ ਨੂੰ ਵੀ ਕਾਤਲ ਨਾ ਸਮਝਿਓ 

ਮਹਿਰਮ ਨੂੰ ਵੀ ਪੁੱਛਣ ਜਾਇਓ

ਕਦੇ ਆਪਣੇ ਕਾਤਲਾਂ ਬਾਰੇ

📝 ਸੋਧ ਲਈ ਭੇਜੋ