ਕੋਈ ਹਾਦਸਾ ਹੋਵੇ

ਏਸ ਸੜਕ 'ਤੇ ਕੋਈ ਹਾਦਸਾ ਹੋਵੇ 

ਮੈਂ ਘਰ ਜਾਵਾਂ

ਬਹੁਤ ਚਿਰਾਂ ਤੋਂ ਏਸ ਚੁਰਾਹੇ ਉੱਪਰ 

ਖੜਾ ਉਡੀਕਾਂ ਸ਼ਾਇਦ ਕੁਝ ਹੋ ਜਾਵੇ 

ਕਿਤੇ ਕੋਈ ਚਿੱਪਰ ਨਹੀਂ ਟੁੱਟੀ 

ਏਸ ਸ਼ਹਿਰ ਦੇ ਅਜਬ ਨਮਰਜ਼ੀ ਬੰਦੇ 

ਬੱਤੀ ਆਖੇ ਤਾਂ ਰੁਕ ਜਾਂਦੇ 

ਬੱਤੀ ਆਖੇ ਤਾਂ ਤੁਰ ਪੈਂਦੇ

ਥੱਕੇ ਥੱਕੇ ਤੁਰਦੇ ਬੁੱਸੇ ਬੱਸੇ ਪਾਣੀ

ਕਿਸ ਸਾਜ਼ਿਸ਼ ਨੇ ਸਾਰਾ ਸ਼ਹਿਰ ਅਸੀਲ ਲਿਆ ਹੈ

ਕਿਸ ਨੇ ਕੀਲੀ ਤੋਰ ਸ਼ਹਿਰ ਦੀ ?

ਹੁਣ ਤਾਂ ਏਸ ਸ਼ਹਿਰ ਵਿਚ ਕੁਝ ਵੀ ਹੋ ਨਹੀਂ ਸਕਦਾ 

ਕਿਸੇ ਦੇ ਮੱਥੇ ਵਿਚ ਅਪਣੀ ਬੱਤੀ ਨਹੀਂ ਜਗਦੀ 

ਕਿਸੇ ਦੀ ਆਪਣੀ ਤੋਰ ਨਹੀਂ ਹੈ......

ਸੋਚ ਰਿਹਾ ਹਾਂ ਕੁਝ ਤਾਂ ਹੋਵੇ

ਕੋਈ ਅਚਾਨਕ ਕਿਸੇ ਕਾਰ ਦੇ ਹੇਠਾਂ ਮਿਧਿਆ ਜਾਵੇ 

ਅਚਨਚੇਤ ਮੱਥੇ ਵਿਚ ਜਾਗੇ ਜੋਤ ਅਵਗਿਆਕਾਰੀ 

ਮੈਂ ਹੀ ਵਹਿਸ਼ੀ ਕਰੋਧ 'ਚ ਕੇ

ਲਾਲ ਹਰੀ ਬੱਤੀ ਚਬ ਜਾਵਾਂ

ਧੁੰਦੂਕਾਰੇ 'ਚੋਂ ਮੁੜਕੇ ਨਵ ਰਚਨਾ ਜਾਗੇ

ਏਸ ਸੜਕ 'ਤੇ ਕੋਈ ਹਾਦਸਾ ਹੋਵੇ 

ਮੈਂ ਘਰ ਜਾਵਾਂ

📝 ਸੋਧ ਲਈ ਭੇਜੋ