ਪੰਚਮ ਪਾਤਿਸ਼ਾਹ ਤੇਰੀਆਂ ਕਰਨੀਆਂ ਨੇ,
ਬਾਦਸ਼ਾਹਾ ਦੇ ਤਖ਼ਤ ਝੁਕਾ ਛੱਡੇ.
ਤੱਤੀ ਤਵੀਂ ਤੇ ਬੈਠ ਜਾਂ ਗੀਤ ਗਾਏ,
ਅੰਗੂਠੇ ਮੂੰਹਾਂ ਦੇ ਵਿੱਚ ਪਵਾ ਛੱਡੇ.
ਮੱਗਦੀ ਰੇਤਾਂ ਦੇ ਜਮ੍ਹਾਂ ਬੁਛਾੜ ਅੰਦਰ,
ਦਿਸੇ ਕੋਈ ਨਾ ਸੁਖਮਨੀ ਗਾਉਣ ਵਾਲਾ.
ਸੜਦੀ ਤਵੀਂ ਨੂੰ ਤੇਰੇ ਵਾਂਗ ਸਤਿਗੁਰੂ,
ਕੋਈ ਜੰਮਿਆ ਨਈ ਠੰਡ ਪਾਉਣ ਵਾਲਾ.
ਮੰਨੀ ਈਨ ਨਾ ਜ਼ਾਲਮਾ ਜੋਰ ਲਾਇਆ
ਛਾਂਲੇ ਛਾਂਲੇ ਸੀ ਭਾਵੇਂ ਸਰੀਰ ਹੋਇਆ,.
ਲਿਵ ਟੁੱਟੀ ਨਈ ਲੱਗੀ ਪ੍ਰਮਾਤਮਾਂ ਨਾਲ,
ਤੰਨ ਸੜਕੇ ਭਾਵੇ ਅਖੀਰ ਹੋਇਆ.
ਕੜਕੇ ਪੱਤ 'ਚ ਗੁੜ ਦੇ ਵਾਂਗਰਾਂ ਵੀ,
ਭਾਣਾ ਮੁੱਖ ਚੋ' ਮੀਠਾ ਸਣਾਉਣ ਵਾਲਾ.
ਸੜਦੀ ਤਵੀਂ ਨੂੰ ਤੇਰੇ ਵਾਂਗ ਸਤਿਗੁਰੂ,
ਕੋਈ ਜੰਮਿਆ ਨਈ ਠੰਡ ਪਾਉਣ ਵਾਲਾ.
ਕੜਛਾ ਤਵੀ ਤੇ ਅਗਨੀ ਪਾਉਣ ਬਾਂਤਾਂ,
ਸੇਕ ਕਿੰਝ ਉਹ ਏਨਾ ਸਹਾਰ ਗਏ ਸੀ.
ਤਵੀਂ ਆਖਦੀ ਦੱਸਾਂ ਮੈੰ ਕੀ ਤੱਤੀਏ,
ਤਸੀਰ ਮੇਰੀ ਵੀ ਸਤਿਗੁਰੂ ਠਾਰ ਗਏ ਸੀ.
ਢਹਿਕੇ ਕੜਛਾ ਵੀ ਅੰਤ ਨੂੰ ਕਹਿਣ ਲੱਗਾ
ਇਹ ਤਾਂ ਮੇਰੇ ਸੀ ਭਾਗ ਜਗਾਉਣ ਵਾਲਾ.
ਸੜਦੀ ਤਵੀਂ ਨੂੰ ਤੇਰੇ ਵਾਂਗ ਸਤਿਗੁਰੂ,
ਕੋਈ ਜੰਮਿਆਂ ਨਈ ਠੰਡ ਪਾਉਣ ਵਾਲਾ.
ਬੇਸ਼ੱਕ ਜ਼ਾਲਮਾਂ ਪੂਰਾ ਸੀ ਟਿੱਲ ਲਾਇਆ
ਰਤਾ ਥਿੜਕਿਆ ਨਈ ਈਮਾਨ ਤੇਰਾ.
ਰਿਹਾ ਨਿਸ਼ਾਨ ਨੀ ਕੀਤੇ ਜ਼ੁਲਮ ਜਿੰਨਾਂ
ਦੁਨੀਆਂ ਵਿੱਚ ਹੈ ਪੂਰਾ ਸਨਮਾਨ ਤੇਰਾ.
ਤੂੰ ਸੀ ਬਾਦਸ਼ਾਹ ਅਰਜਨ ਪਾਤਿਸ਼ਾਹ ਜੀ
ਮੁਗ਼ਲ ਰਾਜ ਦਾ ਥੰਮ ਹਲਾਉਣ ਵਾਲਾ.
ਸੜਦੀ ਤਵੀਂ ਨੂੰ ਤੇਰੇ ਵਾਂਗ ਸਤਿਗੁਰੂ,
ਕੋਈ ਜੰਮਿਆਂ ਨਈ ਠੰਡ ਪਾਉਣ ਵਾਲਾ.
ਬਹਿਕੇ ਤਵੀਂ ਤੇ ਸਿੱਖੀ ਦਾ ਮੁੱਢ ਬੰਨ੍ਹਿਆਂ,
ਕੰਧਾਂ ਉਸਰੀਆਂ ਖੂਨੀ ਜੋ ਢਾਹ ਦਿੱਤੀਆਂ.
ਤਸ਼ੱਦਦ ਝੱਲਕੇ ਆਪਣੇ ਸੀਸ ਉੱਤੇ,
ਸ਼ਬੀਲਾ ਸਾਡੇ ਲਈ ਠੰਡੀਆਂ ਲਾ ਦਿੱਤੀਆਂ.
ਏ ਤਾਂ ਆਇਆ ਸੀ 'ਸੱਤਿਆਂ' ਜੱਗ ਉੱਤੇ,
ਝੰਡਾ ਸਿੱਖੀ ਦਾ ਉੱਚਾ ਝਲਾਉਣ ਵਾਲਾ.
ਸੜਦੀ ਤਵੀਂ ਨੂੰ ਤੇਰੇ ਵਾਂਗ ਸਤਿਗੁਰੂ,
ਕੋਈ ਜੰਮਿਆਂ ਨਈ ਠੰਡ ਪਾਉਣ ਵਾਲਾ.