ਨ੍ਹਾ-ਧੋਕੇ, ਸਜ਼-ਧਜ਼ ਕੇ ਆਉ ਵੇ ਸ਼ਬਦੋ,
ਹਾੜੇ ਛੇਤੀ ਕਰੋ ਦੇਰ ਨਾ ਲਾਉ ਵੇ ਸ਼ਬਦੋ,
ਕਿਸੇ ਦੀ ਖੁਸ਼ੀ ਕਿਸੇ ਦੀ ਬਿਪਤਾ ਲਿਖੀਏ,
ਆਉ ਵੇ ਸ਼ਬਦੋ ਕੋਈ ਕਵਿਤਾ ਲਿਖੀਏ।
ਕਲਮ 'ਚ ਸਿਆਹੀ ਵੀ ਉਬਾਲੇ ਖਾ ਰਹੀ ਏ,
ਕਾਗਜ਼ਾਂ ਦੀ ਜਾਨ ਵੀ ਫੜ-ਫੜ੍ਹਾ ਰਹੀ ਏ,
ਕਾਗਜ਼ ਤੇ ਕਲਮ ਦਾ ਅਨੋਖਾ ਰਿਸ਼ਤਾ ਲਿਖੀਏ,
ਆਉ ਵੇ ਸ਼ਬਦੋ ਕੋਈ ਕਵਿਤਾ ਲਿਖੀਏ।
ਮੈਂ ਵੀ ਤਿਆਰ ਹਾਂ ਤੇ ਮਾਹੌਲ ਵੀ ਤਿਆਰ ਏ,
ਆਪਾਂ ਇੱਕ ਜਾਗੀਏ, ਬਾਕੀ ਸੁੱਤਾ ਸੰਸਾਰ ਏ,
ਪਿਆਰ ਭਰੀ ਸਭ ਲਈ ਇਕਮਿਕਤਾ ਲਿਖੀਏ,
ਆਉ ਵੇ ਸ਼ਬਦੋ ਕੋਈ ਕਵਿਤਾ ਲਿਖੀਏ।
ਆਉ ਗੱਲ ਕਰੀਏ, ਸਮੇਂ ਦੇ ਹਾਲਾਤਾਂ ਦੀ,
ਕਾਲੇ-ਕਾਲੇ ਦਿਨਾਂ ਤੇ ਚਿੱਟੀਆਂ ਰਾਤਾਂ ਦੀ,
ਦੁਨੀਆਂ ਬਦਲਣ ਲਈ ਕੋਈ ਨੁਕਤਾ ਲਿਖੀਏ,
ਆਉ ਵੇ ਸ਼ਬਦੋ ਕੋਈ ਕਵਿਤਾ ਲਿਖੀਏ।