ਚੜ੍ਹ ਗਏ ਜੋ ਭੇਟ ਨਫ਼ਰਤ ਦੀ
ਪਿਆਰ ਵਿੱਚ ਯਕੀਨ ਦਰਸਾਉਣ ਕਿਵੇਂ
ਬਣਾ ਦਿੱਤੇ ਗਏ ਸੀ ਜੋ ਕਤਲਗਾਹ
ਉਹਨਾਂ ਘਰਾਂ ਦੀਆਂ ਬਰੂਹਾਂ ਤੇ
ਕੋਈ ਪੈਰ ਧਰਨ ਜਾਵੇ ਕਿਵੇਂ
ਦਿਲਾਂ ਵਿੱਚ ਜਿਹਨਾਂ ਦੇ
ਜ਼ਹਿਰ ਸੀ ਭਰ ਦਿੱਤਾ ਗਿਆ
ਉਹ ਅਪਣੇ ਹੱਥਾਂ ਨਾਲ
ਅੰਮ੍ਰਿਤ ਪਿਲਾਵਣ ਕਿਵੇਂ
ਜਿਹਨਾਂ ਮਾਂਵਾਂ ਨੇ
ਤੱਕੇ ਨਾਂ ਮੂੰਹ ਪੁੱਤਾਂ ਦੇ
ਉਹ ਦੀਵਾਲੀ ਦੀ ਰਾਤ
ਦੀਵੇ ਜਗਾਵਣ ਕਿਵੇਂ
ਖੁਸ਼ੀਆਂ ਰੋਧ ਦਿੱਤੀਆਂ
ਜਿਹਨਾਂ ਦੀਆਂ ਸਮੇਂ ਦੇ ਸ਼ਾਸਕਾਂ
ਉਹ ਲੋਕ ਮਹਿਲ ਆਪਣੇ ਹੁਣ
ਸਜਾਵਣ ਕਿਵੇਂ
ਕਟਾ ਲਏ ਹੱਥ ਜਿਹਨਾਂ
ਹੱਕਾਂ ਲਈ ਲੜਨੇ ਦੀ ਖਾਤਿਰ
ਉਹ ਹੁਣ
ਖੁਸੀਆਂ ਦੇ ਅਨਾਰ ਚਲਾਵਣ ਕਿਵੇਂ
ਮੱਥਾ ਮਾਰ ਮਾਰ ਤੇ ਥੱਕ ਹਾਰਕੇ
ਬੈਠ ਗਏ ਨੇ ਬਹੁਤੇ
ਬੇਸਮਝਾਂ ਨੂੰ ਕੋਈ ਜਾਕੇ
ਸਮਝਾਵੇ ਕਿਵੇਂ
ਛੱਡ ਘਰ ਬਾਰ ਆਪਣੇ
ਜੋ ਹੋ ਗਏ ਨੇ ਬੇ-ਵਤਨ
ਵਾਪਸ ਘਰ ਆਪਣੇ ਉਹਨਾਂ ਨੂੰ
ਕੋਈ ਲਿਆਵੇ ਕਿਵੇਂ।