ਕੋਈ ਨਾਅਰੇ ਲਗਾ, ਝੰਡੇ ਝੁਲਾ ਕੇ ਸੁਰਖ਼ਰੂ ਹੋਇਆ

ਕੋਈ ਨਾਅਰੇ ਲਗਾ, ਝੰਡੇ ਝੁਲਾ ਕੇ ਸੁਰਖ਼ਰੂ ਹੋਇਆ। 

ਕੋਈ ਮਸਤੀ 'ਚ ਬਸ ਕਵਿਤਾ ਸੁਣਾ वे ਸੁਰਖ਼ਰੂ ਹੋਇਆ।

ਸੀ ਰਾਤੀਂ ਝਾਂਜਰਾਂ ਛਣਕਾ ਰਹੀ ਜਦ ਪੌਣ ਪਰਬਤ 'ਤੇ, 

ਤਾਂ ਬੱਦਲ ਬਾਂਸ 'ਤੇ ਹੰਝੂ ਵਹਾ ਕੇ ਸੁਰਖ਼ਰੂ ਹੋਇਆ।

ਕਿਤੇ ਮਿੰਨਤਾਂ, ਕਿਤੇ ਫ਼ੁਰਮਾਇਸ਼ਾਂ ਦਾ ਦੌਰ-ਦੌਰਾ ਹੈ, 

ਇਹ ਬੰਦਾ ਕੌਣ ਹੈ ਜੋ ਸਿਰ ਹਿਲਾ ਕੇ ਸੁਰਖ਼ਰੂ ਹੋਇਆ!

ਕੋਈ ਡੁੱਬ ਕੇ, ਕੋਈ ਤਰ ਕੇ ਨਿਭਾਉਂਦੈ ਸੁਪਨਿਆਂ ਤਾਈਂ, 

ਕੋਈ ਤੈਰਾਕ ਨਾ ਸੁਪਨੇ ਨਿਭਾ ਕੇ ਸੁਰਖ਼ਰੂ ਹੋਇਆ !

ਮੁਸੱਵਰ ਨੇ ਤਾਂ ਪੂਰੀ ਰਾਤ ਵਿੱਚ ਮਜ਼ਮੂਨ ਘੜਿਆ ਸੀ, 

ਇਹ ਦਰਸ਼ਕ ਹੈ ਜੋ ਇੱਕੋ ਨੀਝ ਲਾ ਕੇ ਸੁਰਖ਼ਰੂ ਹੋਇਆ !

ਨਫ਼ੇ-ਨੁਕਸਾਨ ਤਾਈਂ ਤੋਲਦਾ ਰਹਿੰਦਾ ਹੈ ਸਿਰ ਬਹਿ ਕੇ, 

ਇਹ ਦਿਲ ਝੱਲਾ ਤਾਂ ਇੱਕ ਛੱਲਾ ਵਟਾ ਕੇ ਸੁਰਖ਼ਰੂ ਹੋਇਆ।

ਕੋਈ ਚੀਕੇ ਜਾਂ ਇਸਦੀ ਚੋਭ ਵਿੱਚੋਂ ਮਾਰਫ਼ਤ ਭਾਲੇ,

ਸਮਾਂ ਆਦੇਸ਼ ਨੂੰ ‘ਅੰਕੁਸ਼' ਬਣਾ ਕੇ ਸੁਰਖ਼ਰੂ ਹੋਇਆ।

📝 ਸੋਧ ਲਈ ਭੇਜੋ